ਅੰਮ੍ਰਿਤਸਰ 21 ਦਸੰਬਰ : ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤਸਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਨੇ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਅੰਮ੍ਰਿਤਸਰ ਵਿੱਚ 01 ਜਨਵਰੀ 2024 ਤੋਂ 30 ਜੂਨ ਅਤੇ 01 ਜੁਲਾਈ ਤੋਂ 31 ਦਸੰਬਰ 2024 ਤੱਕ ਦੋ ਛਿਮਾਹੀ ਸੈਸ਼ਨਾਂ ਲਈ ਹਰ ਸਾਲ ਦਫ਼ਤਰੀ ਸਮੇਂ ਤੋਂ ਬਾਅਦ ਰੋਜ਼ਾਨਾ ਇੱਕ ਘੰਟੇ ਲਈ ਉਰਦੂ ਆਮੋਜ਼ ਜਮਾਤ ਲਗਾਈ ਜਾਂਦੀ ਹੈ। ਛਿਮਾਹੀ ਉਰਦੂ ਜਮਾਤ ਦਾ ਕੋਰਸ ਪੂਰਾ ਕਰਨ ਵਾਲਿਆਂ ਨੂੰ ਵਿਭਾਗ ਵੱਲੋਂ ਪ੍ਰਮਾਣ-ਪੱਤਰ ਵੀ ਜਾਰੀ ਕੀਤਾ ਜਾਂਦਾ ਹੈ। ਇਸ ਵਿੱਚ ਕੋਈ ਵੀ ਉਮੀਦਵਾਰ, ਸਰਕਾਰੀ ਕਰਮਚਾਰੀ/ਅਧਿਕਾਰੀ, ਅਰਧ-ਸਰਕਾਰੀ ਕਰਮਚਾਰੀ, ਵਿਦਿਆਰਥੀ\ ਕਾਰੋਬਾਰੀ ਦਾਖ਼ਲਾ ਲੈ ਸਕਦਾ ਹੈ। ਕੋਰਸ ਦੀ ਛਿਮਾਹੀ ਫ਼ੀਸ 500/-ਰੁਪਏ ਨਿਰਧਾਰਿਤ ਕੀਤੀ ਗਈ ਹੈ, ਦਾਖ਼ਲੇ ਸਮੇਂ ਦਫ਼ਤਰ ਜਮਾਂ ਕਰਵਾਉਣੀ ਪੈਂਦੀ ਹੈ। ਉਰਦੂ ਫਾਰਮ ਭਰਨ ਦੀ ਮਿਤੀ 5 ਜਨਵਰੀ 2024 ਤੱਕ ਹੈ ਫਾਰਮ ਜ਼ਿਲ੍ਹਾ ਭਾਸ਼ਾ ਦਫ਼ਤਰ ਅੰਮ੍ਰਿਤਸਰ ਪ੍ਰਬੰਧਕੀ ਕੰਪਲੈਕਸ ਕਮਰਾ ਨੰ:301 ਤੀਸਰੀ ਮੰਜਿਲ ਤੋ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਰਦੂ ਦੇ ਬੁਨਿਆਦੀ ਗਿਆਨ ਨਾਲ ਸਬੰਧਤ ਇਸ ਜਮਾਤ ਨੂੰ ਪੜ੍ਹਾਉਣ ਵਾਲੇ ਉਰਦੂ ਅੰਸ਼ਕਾਲੀ ਅਧਿਆਪਕਾਂ ਲਈ ਘੱਟੋ-ਘੱਟ ਵਿੱਦਿਅਕ ਯੋਗਤਾ ਐੱਮ.ਏ. ਉਰਦੂ ਕੀਤੀ ਗਈ ਹੈ। ਐੱਮ.ਏ. ਉਰਦੂ ਵਾਲੇ ਉਮੀਦਵਾਰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਅੰਮ੍ਰਿਤਸਰ ਵਿਖੇ ਸੰਪਰਕ ਕਰਕੇ ਅੰਸ਼ਕਾਲੀ ਉਰਦੂ ਅਧਿਆਪਕ ਲਈ ਆਪਣਾ ਬੇਨਤੀ ਪੱਤਰ ਯੋਗਤਾ ਦੇ ਸਬੂਤ ਸਹਿਤ 15 ਜਨਵਰੀ 2024 ਤੱਕ ਜਮ੍ਹਾ ਕਰਵਾ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਰੋਜ਼ਾਨਾ ਇੱਕ ਘੰਟੇ ਦੀ ਉਰਦੂ ਜਮਾਤ ਲਈ ਅੰਸ਼ਕਾਲੀ ਉਰਦੂ ਅਧਿਆਪਕ ਨੂੰ ਮਹੀਨੇ ਦਾ ਉੱਕਾ-ਪੁੱਕਾ 8000/-ਰੁਪਏ ਮਿਹਨਤਾਨਾ ਵੀ ਦਿੱਤਾ ਜਾਵੇਗਾ।