ਗੁਰਦਾਸਪੁਰ ਵਿਚ ਵੀ ਤਿੰਨ ਵੱਡੇ ਨਸ਼ਾ ਤਸਕਰਾਂ ਦੀ 52 ਲੱਖ 18 ਹਜ਼ਾਰ ਦੀ ਜ਼ਮੀਨ ਕੀਤੀ ਕੁਰਕ : ਐਸ.ਐਸ.ਪੀ. 

ਗੁਰਦਾਸਪੁਰ, 07 ਸਤੰਬਰ : ਪੰਜਾਬ 'ਚ ਹੁਣ ਨਸ਼ਾ ਤਸਕਰਾਂ ਦਾ ਲੱਕ ਤੋੜਨ ਲਈ ਪੁਲਿਸ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਰਹੀ ਹੈ। ਗੁਰਦਾਸਪੁਰ ਵਿਚ ਵੀ ਤਿੰਨ ਵੱਡੇ ਨਸ਼ਾ ਤਸਕਰਾਂ ਦੀ ਜ਼ਮੀਨ ਕੁਰਕ ਕੀਤੀ ਗਈ ਹੈ। ਐਸ.ਐਸ.ਪੀ. ਗੁਰਦਾਸਪੁਰ ਦਾਇਮਾ ਹਰੀਸ਼ ਕੁਮਾਰ ਨੇ ਦਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਇਸ ਕੇਸ ਵਿਚ ਕੁਰਕ ਕੀਤੀ ਗਈ ਕੁੱਲ ਜਾਇਦਾਦ 52 ਲੱਖ 18 ਹਜ਼ਾਰ ਰੁਪਏ ਦੇ ਕਰੀਬ ਹੈ। ਐਸ.ਐਸ.ਪੀ. ਕੁਮਾਰ ਨੇ ਦਸਿਆ ਕਿ ਅਜਿਹੇ 13 ਹੋਰ ਨਸ਼ਾ ਤਸਕਰ ਹਨ, ਜਿਨ੍ਹਾਂ 'ਤੇ ਕਾਰਵਾਈ ਲਈ ਅਜੇ ਵੀ ਕੇਸ ਪੈਂਡਿੰਗ ਹਨ। ਉਨ੍ਹਾਂ ਨਸ਼ਾ ਤਸਕਰਾਂ ਦੀ ਜ਼ਮੀਨ ਵੀ ਜਲਦੀ ਹੀ ਕੁਰਕ ਕਰ ਲਈ ਜਾਵੇਗੀ। ਉਨ੍ਹਾਂ ਦਸਿਆ ਕਿ ਕੁਰਕ ਕੀਤੀ ਜਾਇਦਾਦ ਵਿਚ ਵਾਹਨ, ਮਕਾਨ ਅਤੇ ਖ਼ਾਲੀ ਪਲਾਟ ਵੀ ਸ਼ਾਮਲ ਹਨ।ਜਿਨ੍ਹਾਂ ਨਸ਼ਾ ਤਸਕਰਾਂ ਨੇ ਅਪਣੇ ਕੁੱਝ ਰਿਸ਼ਤੇਦਾਰਾਂ ਦੇ ਨਾਂਅ 'ਤੇ ਜ਼ਮੀਨਾਂ  ਲਈਆਂ ਹਨ, ਉਨ੍ਹਾਂ ਵਿਰੁਧ ਵੀ ਕਾਰਵਾਈ ਹੋਵੇਗੀ। ਉਨ੍ਹਾਂ ਦਸਿਆ ਕਿ ਜਿਨ੍ਹਾਂ ਨਸ਼ਾ ਤਸਕਰਾਂ ਦੀ ਜ਼ਮੀਨ ਕੁਰਕ ਕੀਤੀ ਗਈ ਹੈ, ਉਨ੍ਹਾਂ ਵਿਰੁਧ 2021 ਅਤੇ 22 ਵਿਚ ਨਸ਼ਿਆਂ ਦੇ ਕੇਸ ਦਰਜ ਕੀਤੇ ਗਏ ਹਨ।