ਵਾਤਾਵਰਣ ਨੂੰ ਸ਼ੁੱਧ ਰੱਖਣ ਤੇ ਸਿਹਤ ਨੂੰ ਮੁੱਖ ਰੱਖਦਿਆਂ ਪਰਾਲੀ/ਨਾੜ ਨਾ ਸਾੜਿਆ ਜਾਵੇ

  • ਪਿੰਡ ਮਲਕਪੁਰ ਅਤੇ ਕਾਲੀਆਂ ਵਿਖੇ ਕਿਸਾਨਾਂ ਨੂੰ ਮਿਲ ਕੇ ਪਰਾਲੀ ਨਾ ਸਾੜਨ ਲਈ ਕੀਤਾ ਜਾਗਰੂਕ

ਬਟਾਲਾ, 11 ਅਕਤੂਬਰ 2024 : ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ ਦੇ ਨਾਲ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿਸ ਚਲਦੇ ਅੱਜ ਬਟਾਲਾ ਬਲਾਕ ਦੇ ਪਿੰਡ ਮਲਕਪੁਰ ਅਤੇ ਕਾਲੀਆਂ ਵਿਖੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਬਟਾਲਾ, ਸ਼੍ਰੀ ਮਨਜੋਤ ਸਿੰਘ ਅਤੇ ਏਡੀਓ ਪਰਮਬੀਰ ਸਿੰਘ ਕਾਹਲੋਂ ਵੀ ਮੌਜੂਦ ਸਨ। ਇਸ ਮੌਕੇ ਗੱਲਬਾਤ ਕਰਦਿਆਂ ਤਹਿਸੀਲਦਾਰ ਮਨਜੋਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਜਿਲ੍ਹੇ ਭਰ ਅੰਦਰ ਕਿਸਾਨਾਂ ਨੂੰ ਮਿਲ ਕੇ ਪਰਾਲੀ ਦੀ ਸੰਭਾਲ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸਦੇ ਚੱਲਦਿਆਂ ਅੱਜ ਪਿੰਡ ਮਲਕਪੁਰ ਅਤੇ ਕਾਲੀਆਂ ਦੇ ਕਿਸਾਨਾਂ ਨੂੰ ਮਿਲ ਕੇ  ਪਰਾਲੀ ਪ੍ਰਬੰਧਨ ਬਾਰੇ ਦੱਸਿਆ ਗਿਆ ਤੇ ਕਿਸਾਨਾਂ ਯਕੀਨ ਦਿਵਾਇਆ ਕਿ ਉਹ ਪਰਾਲੀ/ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਉਣਗੇ। ਵਾਤਾਵਰਨ ਨੂੰ ਦੂਸ਼ਿਤ ਹੋਂਣ ਤੋਂ ਬਚਾਉਣ ਲਈ ਪ੍ਰਸ਼ਾਸਨ ਦਾ ਸਾਥ ਦੇਣਗੇ। ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖੇਤਾਂ ਵਿੱਚ ਲਗਾਈ ਜਾਣ ਵਾਲੀ ਅੱਗ ਦੇ ਨੁਕਸਾਨਾਂ ਤੋ ਜਾਣੂ ਕਰਵਾਇਆ ਗਿਆ। ਕਿਸਾਨਾਂ ਨੂੰ ਖੇਤੀ ਖ਼ਰਚੇ ਕਿਵੇਂ ਘਟਾਏ ਜਾਣ ਤੇ ਵੱਧ ਤੋ ਵੱਧ ਮੁਨਾਫ਼ਾ ਕਿਵੇਂ ਲਿਆ ਜਾਵੇ, ਬਾਰੇ ਪੂਰਵਕ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ, ਤਾਂ ਉਹ ਨੇੜਲੇ ਖੇਤੀਬਾੜੀ ਵਿਭਾਗ ਦੇ ਦਫ਼ਤਰ, ਐੱਸ.ਡੀ.ਐੱਮ. ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ ਜਾਂ ਹੈਲਪ ਲਾਈਨ ਨੰ 1800-180-1852 ਤੇ ਸੰਪਰਕ ਕਰਨ।