ਜ਼ਿਲ੍ਹੇ ਵਿੱਚੋਂ ਬਾਲ-ਮਜ਼ਦੂਰੀ ਅਤੇ ਬਾਲ ਭਿੱਖਿਆ ਨੂੰ ਖਤਮ ਕਰਨ ਲਈ ਮੁਹਿੰਮ ਨੂੰ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ

  • ਵਿਦਿਆਰਥਣਾਂ ਨੂੰ ਸਕੂਲਾਂ ਵਿੱਚ ‘ਗੁੱਡ ਟੱਚ ਤੇ ਬੈਡ ਟੱਚ’ ਬਾਰੇ ਕੀਤਾ ਜਾਵੇਗਾ ਜਾਗਰੂਕ

ਗੁਰਦਾਸਪੁਰ, 14 ਜੁਲਾਈ : ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ ਨੇ ਕਿਰਤ ਵਿਭਾਗ, ਬਾਲ ਸੁਰੱਖਿਆ ਯੂਨਿਟ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੁਲਿਸ ਵਿਭਾਗ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜ਼ਿਲੇ ਵਿੱਚੋਂ ਬਾਲ-ਮਜ਼ਦੂਰੀ ਅਤੇ ਬਾਲ ਭਿੱਖਿਆ ਨੂੰ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨਾਂ ਕਿਹਾ ਕਿ ਇਨਾਂ ਵਿਭਾਗਾਂ ਦੀਆਂ ਸਾਂਝੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿੱਚ ਸਪੈਸ਼ਲ ਰੇਡ ਕਰਕੇ ਬਾਲ-ਮਜ਼ਦੂਰੀ ਅਤੇ ਬਾਲ ਭਿੱਖਿਆ ਨੂੰ ਰੋਕਿਆ ਜਾਵੇ ਅਤੇ ਜੋ ਵਿਅਕਤੀ ਇਸ ਗੈਰ-ਕਾਨੂੰਨੀ ਧੰਦੇ ਦੇ ਪਿੱਛੇ ਹਨ ਉਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ੍ਰੀ ਸਚਿਨ ਪਾਠਕ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲਾ ਬਾਲ ਭਲਾਈ ਕਮੇਟੀ ਦੇ ਕੰਮਕਾਜ ਦਾ ਰੀਵਿਊ ਕਰਨ ਲਈ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਉਨਾਂ ਕਿਹਾ ਕਿ ਬੱਚਿਆਂ ਨੂੰ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਵਿਚੋਂ ਕੱਢ ਕੇ ਉਨਾਂ ਨੂੰ ਪੜਾਈ ਲਈ ਸਕੂਲਾਂ ਵਿੱਚ ਭੇਜਿਆ ਜਾਵੇ ਅਤੇ ਸਿੱਖਿਆ ਵਿਭਾਗ ਅਤੇ ਬਾਲ ਸੁਰੱਖਿਆ ਯੂਨਿਟ ਵੱਲੋਂ ਉਨਾਂ ਬੱਚਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ। ਇਸਦੇ ਨਾਲ ਹੀ ਅਜਿਹੇ ਬੱਚਿਆਂ ਦਾ ਮੁੜ ਵਸੇਬਾ ਕਰਨ ਦੇ ਉਪਰਾਲੇ ਵੀ ਕੀਤੇ ਜਾਣ। ਉਨਾਂ ਕਿਹਾ ਕਿ ਜੇਕਰ ਅਜਿਹੇ ਬੱਚਿਆਂ ਦੇ ਮਾਪਿਆਂ ਨੂੰ ਕਿਸੇ ਕੰਮ-ਕਾਜ ਦੀ ਲੋੜ ਹੈ ਤਾਂ ਉਨਾਂ ਦੀ ਵੀ ਇਸ ਵਿੱਚ ਮਦਦ ਕੀਤੀ ਜਾਵੇ। ਉਨਾਂ ਕਿਹਾ ਕਿ ਜ਼ਿਲ੍ਹੇ ਦੇ ਸਕੂਲਾਂ ਵਿੱਚ ਵਿਦਿਆਰਥਣਾਂ ਨੂੰ ‘ਗੁੱਡ ਟੱਚ ਤੇ ਬੈਡ ਟੱਚ’ ਬਾਰੇ ਜਾਗਰੂਕ ਕੀਤਾ ਜਾਵੇ। ਇਸਤੋਂ ਇਲਾਵਾ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਸਕੂਲਾਂ ਵਾਹਨਾਂ ਦੀ ਰੈਗੂਲਰ ਚੈਕਿੰਗ ਕੀਤੀ ਜਾਵੇ। ਮੀਟਿੰਗ ਦੌਰਾਨ ਬਾਲ ਸੁਰੱਖਿਆ ਅਤੇ ਬੱਚਿਆਂ ਦੇ ਅਧਿਕਾਰਾਂ ਬਾਰੇ ਹੋਰ ਵੀ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਬਾਲ ਸੁਰੱਖਿਆ ਯੂਨਿਟ ਦੇ ਕੰਮਕਾਜ ਦੀ ਸਮੀਖਿਆ ਵੀ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ, ਡੀ.ਈ.ਓ. ਸ. ਅਮਰਜੀਤ ਸਿੰਘ ਭਾਟੀਆ, ਸੁੱਚਾ ਸਿੰਘ ਮੁਲਤਾਨੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਨਵੀਨ, ਜ਼ਿਲ੍ਹਾ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ. ਸੁਖਵਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸ. ਕ੍ਰਿਪਾਲ ਸਿੰਘ ਢਿਲੋਂ, ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਜਿੰਦਰਜੀਤ ਸਿੰਘ, ਸਮਾਜ ਸੇਵੀ ਸ੍ਰੀ ਰੋਮੇਸ਼ ਮਹਾਜਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।