ਸਨਅਤੀ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ ਇੰਸਟੀਚਿਊਟ ਫਾਰ ਮਸ਼ੀਨ ਟੂਲਸ ਟੈਕਨੋਲੋਜੀ ਬਟਾਲਾ

  • ਵੱਖ-ਵੱਖ ਟਰੇਡਾਂ ਨਾਲ ਸਬੰਧਤ ਚਲਾਏ ਜਾ ਰਹੇ ਹਨ ਥੋੜੇ ਸਮੇਂ ਦੇ ਕੋਰਸ
  • ਇੰਸਟੀਚਿਊਟ ਵਲੋਂ ਮਸ਼ੀਨਾਂ ਦੀ ਟੈਸਟਿੰਗ ਅਤੇ ਮਾਲ ਦੀ ਗੁਣਵਤਾ ਨੂੰ ਵੀ ਕੀਤਾ ਜਾਂਦਾ ਹੈ ਚੈੱਕ
  • 12ਵੀਂ, ਆਈ.ਟੀ.ਆਈ. ਅਤੇ ਡਿਪਲੋਪਾ, ਬੀ.ਟੈੱਕ. ਪਾਸ ਸਿਖਿਆਰਥੀ ਇੰਸਟੀਚਿਊਟ ਤੋਂ ਸ਼ਾਰਟ ਟਰਮ ਕੋਰਸ ਕਰਕੇ ਆਪਣੇ ਹੁਨਰ ਨੂੰ ਹੋਰ ਵਧਾਉਣ

ਗੁਰਦਾਸਪੁਰ, 28 ਜੁਲਾਈ : ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਇੰਸਟੀਚਿਊਟ ਫਾਰ ਮਸ਼ੀਨ ਟੂਲਸ ਟੈਕਨੋਲੋਜੀ, ਬਟਾਲਾ ਇਸ ਸਰਹੱਦੀ ਖੇਤਰ ਦੀ ਸਨਅਤ ਸਮੇਤ ਸੂਬੇ ਦੇ ਸਮੁੱਚੇ ਸਨਅਤੀ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। 27 ਦਸੰਬਰ 1995 ਨੂੰ ਬਟਾਲਾ ਵਿਖੇ ਸਥਾਪਤ ਹੋਈ ਇਹ ਇੰਸਟੀਚਿਊਟ ਫਾਰ ਮਸ਼ੀਨ ਟੂਲਸ ਟੈਕਨੋਲੋਜੀ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਜਿਥੇ ਉਦਯੋਗਿਕ ਵਿਕਾਸ ਲਈ ਨਵੀਂ ਖੋਜਾਂ ਕਰ ਰਹੀ ਹੈ ਉਥੇ ਸਮੇਂ ਦੀ ਮੰਗ ਅਨੁਸਾਰ ਸਨਅਤੀ ਖੇਤਰ ਨੂੰ ਹੁਨਰਮੰਦ ਕਾਮੇ ਵੀ ਦੇ ਰਹੀ ਹੈ।  ਇੰਸਟੀਚਿਊਟ ਫਾਰ ਮਸ਼ੀਨ ਟੂਲਸ ਟੈਕਨੋਲੋਜੀ, ਬਟਾਲਾ ਵਿਖੇ ਵੱਖ-ਵੱਖ ਕਿਸਮ ਦੇ ਉਦਯੋਗਿਕ ਖੇਤਰ ਨਾਲ ਸਬੰਧਤ ਥੋੜੇ ਸਮੇਂ ਦੇ ਕੋਰਸ ਚੱਲ ਰਹੇ ਹਨ। ਸੰਸਥਾ ਦੇ ਜਨਰਲ ਮੈਨੇਜਰ ਸ੍ਰੀ ਵਿਨੇ ਕੁਮਾਰ ਸ੍ਰੀਵਾਸਤਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਵੱਖ-ਵੱਖ ਟਰੇਡਾਂ ਦੇ ਥੋੜੇ ਸਮੇਂ ਦੇ ਕੋਰਸ ਜਿਨਾਂ ਵਿੱਚ 12ਵੀਂ, ਆਈ.ਟੀ.ਆਈ. ਅਤੇ ਡਿਪਲੋਪਾ, ਬੀ.ਟੈੱਕ. ਪਾਸ ਸਿਖਿਆਰਥੀਆਂ ਲਈ ਬੇਸਿਕ ਮਯੀਅਰਮੈਂਟ, ਬੈਸਿਕ ਇੰਜੀਨੀਅਰਿੰਗ ਡਰਾਇੰਗ, ਆਟੋਕੈਡ, ਸਾਲਿਡ ਵਰਕ, ਸੀ.ਐੱਨ.ਸੀ. ਵਰਟੀਕਲ ਮਸ਼ੀਨਿੰਗ ਸੈਂਟਰ, ਸੀ.ਐੱਨ.ਸੀ. ਹੋਰਟੀਜੈਂਟਲ ਮਸ਼ੀਨਿੰਗ ਸੈਂਟਰ, ਸੀ.ਐੱਨ.ਸੀ. ਟਰਨਿੰਗ, ਸੀ.ਐੱਨ.ਸੀ. ਪ੍ਰੋਗਰਾਮਿੰਗ ਅਤੇ ਮਸ਼ੀਨਿੰਗ, ਸੀ.ਐੱਨ.ਸੀ. ਟਰਨਿੰਗ ਐਂਡ ਮਿਲਿੰਗ, ਇੰਡਸਟਰੀਅਲ ਟਰੇਨਿੰਗ, ਮਯੀਅਰਮੈਂਟ ਐਂਡ ਇੰਸਪੈਕਸ਼ਨ, ਮਟੀਰੀਅਲ ਟੈਸਟਿੰਗ ਐਂਡ ਹੀਟ ਟਰੀਟਮੈਂਟ, ਕੁਆਲਟੀ ਅਸਿਓਰੈਂਸ ਐਂਡ ਇੰਸਪੈਕਸ਼ਨ, ਮਸ਼ੀਨਿਸ਼ਟ, ਗਰਾਇਡਿੰਗ ਮਸ਼ੀਨ ਓਪਰੇਟਰ ਅਤੇ ਜਨਰਲ ਫਿਟਰ ਦੇ ਕੋਰਸ ਚਲਾਏ ਜਾ ਰਹੇ ਹਨ। ਉਨਾਂ ਕਿਹਾ ਕਿ ਇਥੇ ਸਿਖਿਆਰਥੀਆਂ ਨੂੰ ਥਰੈਟੀਕਲ ਅਤੇ ਪਰੈਕਟੀਕਲ ਦੋਵੇਂ ਤਰਾਂ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਨਾਂ ਕੋਲੋਂ ਕੋਰਸ ਪਾਸ ਕਰਨ ਵਾਲੇ ਨੌਜਵਾਨ ਵੱਡੀਆਂ ਸਨਅਤਾਂ ਵਿੱਚ ਰੁਜ਼ਗਾਰ ਲੈਣ ਵਿੱਚ ਕਾਮਯਾਬ ਹੁੰਦੇ ਹਨ।  ਜਨਰਲ ਮੈਨੇਜਰ ਸ੍ਰੀ ਵਿਨੇ ਕੁਮਾਰ ਸ੍ਰੀਵਾਸਤਵ ਨੇ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਟੂਲ ਰੂਮ, ਹੀਟਿੰਗ ਟਰੀਟਮੈਂਟ, ਲੈਬੋਰਟਰੀਆਂ ਸਥਾਪਤ ਹਨ, ਜਿਥੇ ਉਦਯੋਗਿਕ ਖੇਤਰ ਨਾਲ ਸਬੰਧਤ ਵੱਖ-ਵੱਖ ਤਰਾਂ ਦੇ ਟੈਸਟ ਕੀਤੇ ਜਾਂਦੇ ਹਨ। ਉਨਾਂ ਕਿਹਾ ਕਿ ਇਥੇ ਉਦਯੋਗਾਂ ਵੱਲੋਂ ਤਿਆਰ ਕੀਤੇ ਮਾਲ ਦੀ ਮਯੀਅਰਮੈਂਟ, ਇੰਸਪੈਕਸ਼ਨ, ਮਟੀਰੀਅਲ ਟੈਸਟਿੰਗ, ਹੀਟ ਟਰੀਟਮੈਂਟ ਅਤੇ ਕੁਆਲਟੀ ਚੈੱਕ ਆਦਿ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਮਸ਼ੀਨ ਟੂਲਸ ਦੀ ਇਸ ਸੰਸਥਾ ਨਾਲ ਦੀਆਂ ਪੂਰੇ ਪੰਜਾਬ ਵਿੱਚ ਕੇਵਲ ਤਿੰਨ ਹੀ ਸੰਸਥਾਵਾਂ ਹਨ ਜਿਨ੍ਹਾਂ ਵਿਚੋਂ ਦੋ ਲੁਧਿਆਣਾ ਅਤੇ ਤੀਸਰੀ ਬਟਾਲਾ ਵਿਖੇ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਪੂਰੇ ਸੂਬੇ ਦੇ ਨਾਲ ਹਰਿਆਣਾ ਅਤੇ ਦਿੱਲੀ ਤੱਕ ਦੀਆਂ ਉਦਯੋਗਿਕ ਸੰਸਥਾਵਾਂ ਆਪਣੇ ਮਾਲ ਦੀ ਟੈਸਟਿੰਗ ਲਈ ਇਥੇ ਆਉਂਦੀਆਂ ਹਨ।  ਸ੍ਰੀ ਵਿਨੇ ਕੁਮਾਰ ਸ੍ਰੀਵਾਸਤਵ ਨੇ ਦੱਸਿਆ ਕਿ ਇਥੇ ਉਦਯੋਗਾਂ ਵਿੱਚ ਕੰਮ ਕਰਦੀ ਮਸ਼ੀਨਰੀ ਦੇ ਪੁਰਜੇ ਵੀ ਆਰਡਰ ’ਤੇ ਤਿਆਰ ਕਰ ਕੇ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸੰਸਥਾ ਕੋਲ ਵਿਦੇਸ਼ਾਂ ਦੀਆਂ ਉੱਚ ਤਕਨੀਕ ਦੀਆਂ ਮਸ਼ੀਨਾਂ ਮੌਜੂਦ ਹਨ ਜਿਨਾਂ ਰਾਹੀਂ ਮਸ਼ੀਨਾਂ ਦੀ ਟੈਸਟਿੰਗ, ਮਾਲ ਦੀ ਗੁਣਵਤਾ ਆਦਿ ਨੂੰ ਚੈੱਕ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਬਟਾਲਾ ਸੰਸਥਾ ਵਲੋਂ ਟੈਸਟ ਕੀਤੀ ਮਸ਼ੀਨ ਅਤੇ ਮਾਲ ਨੂੰ ਪੂਰੇ ਦੇਸ਼ ਵਿੱਚ ਮਾਨਤਾ ਹੈ ਅਤੇ ਮਿਆਰ ਪੱਖੋਂ ਇਹ ਦੇਸ਼ ਦੀ ਇੱਕ ਨਾਮੀ ਸੰਸਥਾ ਹੈ। ਉਨ੍ਹਾਂ ਕਿਹਾ ਕਿ ਇੰਸਟੀਚਿਊਟ ਫਾਰ ਮਸ਼ੀਨ ਟੂਲਸ ਟੈਕਨੋਲੋਜੀ, ਬਟਾਲਾ ਵਲੋਂ ਉਦਯੋਗਿਕ ਖੇਤਰ ਵਿੱਚ ਹੋਈਆਂ ਨਵੀਆਂ ਕਾਢਾਂ ਨੂੰ ਸਨਅਤਕਾਰਾਂ ਨਾਲ ਸਾਂਝਾ ਕੀਤਾ ਜਾਂਦਾ ਹੈ ਅਤੇ ਉਨਾਂ ਨਵੀਆਂ ਤਕਨੀਕਾਂ ਨੂੰ ਉਦਯੋਗਾਂ ਵਿੱਚ ਸ਼ਾਮਲ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਸੰਸਥਾ ਵਿੱਚ ਉਦਯੋਗਿਕ ਖੇਤਰ ਦੇ ਮਾਹਿਰ ਆਪਣੀ ਸੇਵਾਵਾਂ ਦੇ ਰਹੇ ਹਨ ਅਤੇ ਬਟਾਲਾ ਦੇ ਸਨਅਤਕਾਰ ਕਿਸੇ ਵੀ ਤਕਨੀਕੀ ਸਹਾਇਤਾ ਲਈ ਉਨਾਂ ਦਾ ਸਹਿਯੋਗ ਲੈ ਸਕਦੇ ਹਨ। ਜਨਰਲ ਮੈਨੇਜਰ ਸ੍ਰੀ ਵਿਨੇ ਕੁਮਾਰ ਸ੍ਰੀਵਾਸਤਵ ਨੇ 12ਵੀਂ, ਆਈ.ਟੀ.ਆਈ. ਅਤੇ ਡਿਪਲੋਪਾ, ਬੀ.ਟੈੱਕ. ਪਾਸ ਸਿਖਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਇੰਸਟੀਚਿਊਟ ਵਿੱਚ ਸ਼ਾਰਟ ਟਰਮ ਦੇ ਵੱਖ-ਵੱਖ ਕੋਰਸ ਕਰਕੇ ਆਪਣੀ ਕਾਬਲੀਅਤ ਨੂੰ ਹੋਰ ਵਧਾਉਣ ਅਤੇ ਆਪਣੇ ਫੀਲਡ ਦੇ ਮਾਹਿਰ ਬਣ ਕੇ ਉਹ ਚੰਗਾ ਰੁਜ਼ਗਾਰ ਹਾਸਲ ਕਰ ਸਕਦੇ ਹਨ।