ਜੰਡਿਆਲਾ ਗੁਰੂ ਦੇ ਭਗਵਾਂ ਰੇਲਵੇ ਫਾਟਕ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਲੋਕਾਂ ਦੀ ਮੌਤ 

ਜੰਡਿਆਲਾ ਗੁਰੂ, 4 ਸਤੰਬਰ 2024 : ਕਸਬਾ ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਭਗਵਾਂ ਰੇਲਵੇ ਫਾਟਕ ਨਜ਼ਦੀਕ, ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀ ਏਐਸਆਈ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਟਰੱਕ ਅਤੇ ਮੋਟਰਸਾਈਕਲ ਦਰਮਿਆਨ ਗੰਭੀਰ ਹਾਦਸਾ ਵਾਪਰਿਆ ਹੈ। ਜਿਸ ਵਿੱਚ ਬਾਈਕ ਸਵਾਰ ਰਮਨ ਕੁਮਾਰ ਦੀ ਮੌਤ ਹੋ ਗਈ ਹੈ, ਜਦਕਿ ਮਾਤਾ ਸੁਮਿਤਰਾ ਅਤੇ ਪੋਤਾ ਲਖਣ ਇਸ ਹਾਦਸੇ ਦੌਰਾਨ ਗੰਭੀਰ ਰੂਪ ਦੇ ਵਿੱਚ ਜ਼ਖ਼ਮੀ ਹੋ ਗਏ। ਜਿੰਨ੍ਹਾਂ ਨੂੰ ਇਲਾਜ ਦੇ ਲਈ 108 ਐਂਬੂਲੈਂਸ ਰਾਹੀਂ ਅੰਮ੍ਰਿਤਸਰ ਭੇਜਿਆ ਗਿਆ ਹੈ। ਇਸ ਦੌਰਾਨ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਲਾਜ ਦੌਰਾਨ ਰਮਨ ਕੁਮਾਰ ਅਤੇ ਉਸਦੀ ਮਾਤਾ ਸੁਮਿਤਰਾ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਹਾਦਸੇ ਦੌਰਾਨ ਰਮਨ ਕੁਮਾਰ ਉਮਰ ਕਰੀਬ 24 ਸਾਲ, ਮਾਤਾ ਸੁਮਿਤਰਾ ਕਰੀਬ 55 ਸਾਲ, ਵਾਸੀ ਜੋਤੀਸਰ ਕਲੋਨੀ ਜੰਡਿਆਲਾ ਗੁਰੂ ਦੀ ਮੌਤ ਹੋ ਗਈ ਹੈ ਜਦਕਿ ਉਨ੍ਹਾਂ ਦਾ ਪਿਤਾ ਗੰਭੀਰ ਹਾਲਤ ਵਿੱਚ ਜ਼ਖ਼ਮੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਣ ਉੱਤੇ ਮੌਕੇ ਉੱਤੇ ਪੁੱਜੇ ਹਾਦਸਾ ਗ੍ਰਸਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫਾਟਕ ਨੇੜੇ ਇੱਕ ਹਾਦਸਾ ਵਾਪਰਿਆ ਹੈ। ਜਦ ਉਹਨਾਂ ਨੇ ਆ ਕੇ ਦੇਖਿਆ ਤਾਂ ਇਹ ਉਹਨਾਂ ਦੇ ਰਿਸ਼ਤੇਦਾਰ ਹਨ। ਉਹਨਾਂ ਕਿਹਾ ਕਿ ਇਸ ਹਾਦਸੇ ਦੇ ਜਿੰਮ੍ਹੇਵਾਰ ਵਿਅਕਤੀਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।