ਸਿਹਤ ਵਿਭਾਗ ਨੇ ਆਈ ਫਲੂ ਤੋਂ ਬਚਾਓ ਦੇ ਨੁਕਤੇ ਕੀਤੇ ਸਾਂਝੇ

ਗੁਰਦਾਸਪੁਰ, 27 ਜੁਲਾਈ : ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਨ੍ਹੀ ਦਿਨੀਂ ਆਈ ਫਲੂ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਤੋਂ ਬਚਾਓ ਲਈ ਸਾਵਧਾਨੀ ਵਰਤਣੀ ਬੇਹੱਦ ਜਰੂਰੀ ਹੈ। ਆਈ ਫਲੂ ਬਾਰੇ ਜਾਣਕਾਰੀ ਦਿੰਦਿਆਂ ਡਾ. ਹਰਭਜਨ ਰਾਮ ਮਾਂਢੀ ਨੇ ਕਿਹਾ ਕਿ ਆਈ ਫਲੂ ਬਰਸਾਤ ਦੇ ਮੌਸਮ ਵਿਚ ਜਿਆਦਾ ਫੈਲਦਾ ਹੈ ਅਤੇ ਆਈ ਫਲੂ ਨੂੰ ਵਾਇਰਲ ਕੰਜੈਕਟਿਵਾਇਟਿਸ ਕਿਹਾ ਜਾਂਦਾ ਹੈ। ਇਹ ਇਕ ਛੂਤ ਦਾ ਰੋਗ ਹੈ, ਜੋ ਇਕ-ਦੂਜੇ ਤੋਂ ਫੈਲਦਾ ਹੈ। ਉਨ੍ਹਾਂ ਕਿਹਾ ਕਿ ਆਈ ਫਲੂ ਤੋਂ ਰੋਕਥਾਮ ਲਈ ਜ਼ਰੂਰੀ ਹੈ ਕਿ ਸਾਫ਼-ਸਫ਼ਾਈ ਰੱਖੀ ਜਾਵੇ। ਉਨ੍ਹਾਂ ਦੱਸਿਆ ਕਿ ਅੱਖਾਂ ਲਾਲ ਹੋਣਾ, ਖਾਰਿਸ਼ ਹੋਣਾ, ਅੱਖਾਂ ਵਿਚ ਸੋਜਿਸ਼ ਹੋਣੀ, ਸੌਣ ਤੋਂ ਬਾਅਦ ਪਲਕਾਂ ਦਾ ਜੁੜਣਾ, ਅੱਖਾਂ ਵਿਚ ਚੁਭਣ ਹੋਣਾ ਆਈ ਫਲ਼ੂ ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਮੂੰਹ ਅਤੇ ਅੱਖਾਂ ਨੂੰ ਹੱਥ ਲਗਾਉਣ ਤੋਂ ਪਹਿਲਾ ਸਾਫ਼ ਪਾਣੀ ਨਾਲ ਧੋ ਲਿਆ ਜਾਵੇ ਜਾਂ ਸੈਨੀਟਾਇਜ ਕੀਤਾ ਜਾਵੇ। ਆਈ ਫਲੂ ਤੋਂ ਪੀੜਤ ਵਿਅਕਤੀ ਇਕ ਦੂਜੇ ਦੇ ਸਿੱਧੇ ਸੰਪਰਕ ਵਿਚ ਨਾ ਰਹਿਣ ਤਾਂ ਜੋ ਇਹ ਫਲੂ ਅੱਗੇ ਨਾ ਫੈਲੇ। ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਕਿਹਾ ਕਿ ਇਨਾਂ ਦਿਨੀਂ ਬਰਸਾਤ ਵਿਚ ਆਈ ਫਲੂ ਦੇ ਕੇਸ ਆ ਰਹੇ ਹਨ। ਪੀੜਤਾਂ ਦਾ ਇਲਾਜ ਕਰਨ ਦੇ ਨਾਲ ਹੀ ਇਹ ਫਲੂ ਅੱਗੇ ਨਾ ਫੈਲੇ ਇਸ ਸਬੰਧੀ ਵੀ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀ ਵਰਤ ਕੇ ਆਈ ਫਲੂ ਤੋਂ ਬਚਿਆ ਜਾ ਸਕਦਾ ਹੈ।