ਪਿੰਡ ਖਾਲੜਾ ’ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਅੰਗ ਗਲੀ 'ਚ ਖਿਲਾਰੇ, ਐਸਜੀਪੀਸੀ ਪ੍ਰਧਾਨ ਵੱਲੋਂ ਨਿੰਦਾ

ਖੇਮਕਰਨ, 26 ਅਕਤੂਬਰ : ਹਿੰਦ ਪਾਕਿਸਤਾਨ ਸਰਹੱਦ ਨੇੜੇ ਕਸਬਾ ਖਾਲੜਾ ਦੇ ਗੁਰਦੁਆਰਾ ਬਾਬਾ ਜਗਤਾ ਜੀ ਨੇੜੇ ਲੰਘਦੀ ਗਲੀ ਵਿੱਚ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੇ ਪਾਵਨ ਪੰਨੇ ਬੀਤੀ ਰਾਤ ਵੇਲੇ ਖਿਲਰੇ ਪਏ ਦਿਖਾਈ ਦਿੱਤੇ ਜਾਣ ਤੇ ਲੋਕਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਅਤੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸੁਖਦੇਵ ਸਿੰਘ ਪੁੱਤਰ ਹਰਚੰਦ ਸਿੰਘ ਗੁਰਦੁਆਰਾ ਬਾਬਾ ਜਗਤਾ ਜੀ ਬਤੌਰ ਗ੍ਰੰਥੀ ਸੇਵਾਵਾਂ ਨਿਭਾ ਰਹੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੇ ਜਾਣ ਤੇ ਪੁਲਿਸ ਥਾਣਾ ਖਾਲੜਾ ਦੇ ਮੁਖੀ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਉਪਰੋਕਤ ਗੁਰਦੁਆਰਾ ਸਾਹਿਬ ਦੀ ਨੇੜਲੀ ਗਲੀ ਵਿੱਚ ਗੁਟਕਾ ਸਾਹਿਬ ਦੇ ਕੁਝ ਪਾਵਨ ਪੰਨੇ ਖਿਲਰੇ ਪਏ ਹਨ। ਥਾਣਾ ਖਾਲੜਾ ਪੁਲਿਸ ਵੱਲੋਂ ਬੇਅਦਬੀ ਦੀ ਹੋਈ ਘਟਨਾ ਨੂੰ ਮੁੱਖ ਰੱਖਦਿਆਂ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਤਾਂ ਜੋ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਵਰਨਯੋਗ ਹੈ ਕਿ ਲੋਕਾਂ ਵਿੱਚ ਭਾਵੇਂ ਗੁੱਸੇ ਦੀ ਲਹਿਰ ਦਿਖਾਈ ਦੇ ਰਹੀ ਪਰ ਕਸਬੇ ਵਿੱਚ ਸ਼ਾਂਤੀ ਬਣਾਏ ਰੱਖਣ ਲਈ ਪੁਲਿਸ ਥਾਣਾ ਖਾਲੜਾ ਮੁਖੀ ਬਲਵਿੰਦਰ ਸਿੰਘ ਵੱਲੋਂ ਆਉਣ ਜਾਣ ਵਾਲੇ ਹਰ ਵਿਅਕਤੀ ਉੱਤੇ ਬਾਜ ਅੱਖ ਰਾਖੀ ਜਾ ਰਹੀ ਹੈ ਤਾਂ ਜੋ ਮਾਮਲੇ ਨੂੰ ਸ਼ਾਂਤੀ ਪੂਰਵਕ ਹੱਲ ਕੀਤਾ ਜਾ ਸਕੇ। ਬੇਅਦਬੀ ਮਾਮਲੇ ਦੀ ਘਟਨਾ ਨੂੰ ਮੁੱਖ ਰੱਖਦਿਆਂ ਪੁਲਿਸ ਥਾਣਾ ਖਾਲੜਾ ਵਿਖੇ ਐਫ.ਆਈ.ਆਰ. ਨੰ.124 ਮਿਤੀ 25-10-2023 ਧਾਰਾ 295 ਅਧੀਨ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸਐਚਓ ਬਲਵਿੰਦਰ ਸਿੰਘ ਨੇ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਅਮਨ ਸ਼ਾਂਤੀ ਬਣਾਏ ਰੱਖਣ ਲਈ ਸਹਿਯੋਗ ਦਿੱਤਾ ਜਾਵੇ ਅਤੇ ਬੇਅਦਬੀ ਦੇ ਲੋਕਾਂ ਨੂੰ ਸਜ਼ਾ ਦੇਣ ਲਈ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ । 

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਿੰਡ ਖਾਲੜਾ ’ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਕੀਤੀ ਨਿੰਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਲਕਾ ਖੇਮਕਰਨ ਦੇ ਪਿੰਡ ਖਾਲੜਾ ’ਚ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਗੁਰਬਾਣੀ ਦਾ ਨਿਰਾਦਰ ਕਰਨ ਵਾਲੇ ਲੋਕ ਸਿੱਖ ਮਨਾਂ ਨੂੰ ਠੇਸ ਪਾਹੁੰਚਾ ਕੇ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਤਾਜਾ ਘਟਨਾ ਹਲਕਾ ਖੇਮਕਰਨ ਦੇ ਪਿੰਡ ਖਾਲੜਾ ਵਿਖੇ ਵਾਪਰੀ ਹੈ ਜਿਥੇ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ। ਉਨ੍ਹਾਂ ਸਰਕਾਰ ਪਾਸੋਂ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਅੰਦਰ ਰੱਖੇ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦਾ ਪੂਰਾ ਸਤਿਕਾਰ ਕਰਨ ਅਤੇ ਸੁਚੇਤ ਰੂਪ ਵਿਚ ਆਪਣੀ ਜ਼ਿੰਮੇਵਾਰੀ ਸਮਝੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਣ।