ਸਰਕਾਰੀ ਪ੍ਰਾਇਮਰੀ ਸਕੂਲ ਭੂਰ ਦੀ ਅਧਿਆਪਕਾਂ ਸਮਰਿਤੀ ਦੀ ਹੋਈ ਸਟੇਟ ਅਵਾਰਡ ਲਈ ਚੋਣ

  • ਸਿੱਖਿਆ ਦੇ ਖੇਤਰ ਵਿੱਚ ਬਹੁਮੁੱਲੇ ਯੋਗਦਾਨ ਲਈ ਮੋਗਾ ਵਿਖੇ ਆਯੋਜਿਤ ਸਟੇਟ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਕੀਤਾ ਜਾਵੇਗਾ ਸਨਮਾਨਿਤ।

ਪਠਾਨਕੋਟ, 05 ਸਤੰਬਰ : ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਵਾਰ ਅਧਿਆਪਕ ਦਿਵਸ ਤੇ ਮੋਗਾ ਵਿਖੇ ਰਾਜ ਦੇ 80 ਅਧਿਆਪਕਾਂ ਨੂੰ ਰਾਜ ਪੁਰਸਕਾਰ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਭੂਰ ਬਲਾਕ ਪਠਾਨਕੋਟ -3 ਦੀ ਅਧਿਆਪਕਾਂ ਸਮਰਿਤੀ ਨੂੰ ਵੀ ਸਿੱਖਿਆ ਦੇ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਦੇਣ ਲਈ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਭੂਰ ਦੀ ਹੋਣਹਾਰ ਅਧਿਆਪਿਕਾ ਸਮਰਿਤੀ ਨੇ ਰਾਜ ਪੁਰਸਕਾਰ ਹਾਸਲ ਕਰਕੇ ਜਿਲ੍ਹੇ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਸਮਰਿਤੀ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਕਿ ਮਿਹਨਤ ਦਾ ਹਮੇਸ਼ਾ ਮੁੱਲ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸਮਰਿਤੀ ਨੂੰ ਇਹ ਰਾਜ ਪੱਧਰੀ ਪੁਰਸਕਾਰ ਉਨ੍ਹਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਕੀਤੇ ਕੰਮਾਂ ਕਰਕੇ ਮਿਲਿਆ ਹੈ। ਕਰੋਨਾ ਕਾਲ ਦੌਰਾਨ ਜਦੋਂ ਸਕੂਲਾਂ ਦੀ ਤਾਲਾਬੰਦੀ ਹੋ ਗਈ ਸੀ, ਉਸ ਸਮੇਂ ਦੌਰਾਨ ਸਮਰਿਤੀ ਵੱਲੋਂ ਆਪਣੇ ਘਰ ਵਿੱਚ ਸਟੂਡੀਓ ਸਥਾਪਤ ਕਰ ਡੀਡੀ ਪੰਜਾਬੀ, ਯੂਟਿਊਬ, ਰੇਡੀਓ ਅਤੇ ਵੱਖ -ਵੱਖ ਆਨਲਾਈਨ ਸਾਧਨਾਂ ਰਾਹੀਂ ਇੱਕਲੇ ਆਪਣੇ ਸਕੂਲ ਹੀ ਨਹੀਂ ਪੰਜਾਬ ਭਰ ਦੇ ਬੱਚਿਆਂ ਨੂੰ ਸਿੱਖਿਅਤ ਕੀਤਾ ਗਿਆ ਸੀ ਅਤੇ ਬੱਚਿਆਂ ਦੇ ਹੋਣ ਵਾਲੇ ਵੱਡੇ ਨੁਕਸਾਨ ਦੀ ਪੂਰਤੀ ਕੀਤੀ ਗਈ ਸੀ। ਸਮਰਿਤੀ ਵੱਲੋਂ ਕੀਤੇ ਗਏ ਉਦਮ ਨੇ ਨੈਸ਼ਨਲ ਲੈਵਲ ਦੀਆਂ ਅਖ਼ਬਾਰਾਂ ਅਤੇ ਚੈਨਲਾਂ ਵਿੱਚ ਪ੍ਰਮੁੱਖਤਾ ਨਾਲ ਸੁਰਖੀਆਂ ਬਟੋਰੀਆਂ ਸਨ। ਇਸ ਵੱਲੋਂ ਜਿਥੇ ਵਿਭਾਗੀ ਸਕੀਮਾਂ ਨੂੰ ਸਫ਼ਲਤਾਪੂਰਵਕ ਸਕੂਲ ਵਿੱਚ ਲਾਗੂ ਕੀਤਾ ਗਿਆ ਉੱਥੇ ਹੀ ਪਿਛਲੇ 6 ਸਾਲਾਂ ਦੌਰਾਨ ਸਕੂਲ ਦੇ ਬੱਚਿਆਂ ਦਾ ਰਿਜਲਟ ਵੀ ਸ਼ਤ ਪ੍ਰਤੀਸਤ ਰਿਹਾ ਹੈ ਇਸਦੇ ਨਾਲ ਹੀ ਜਿਥੇ ਭੂਰ ਸਕੂਲ ਦੇ ਬੱਚਿਆਂ ਵੱਲੋਂ ਵੱਖ -ਵੱਖ ਵਿੱਦਿਅਕ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਗਈਆਂ ਹਨ ਉੱਥੇ ਹੀ ਪਿਛਲੇ ਸਾਲ ਹੋਈਆਂ ਰਾਜ ਪੱਧਰੀ ਖੇਡਾਂ ਵਿੱਚ ਯੋਗਾ ਵਿੱਚ ਵੀ ਸਕੂਲ ਦੀ ਇੱਕ ਵਿਦਿਆਰਥਣ ਵੱਲੋਂ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਰਾਜ ਪੱਧਰੀ ਮੁਕਾਬਲਿਆਂ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਗਿਆ ਹੈ। ਸਮਰਿਤੀ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕਮਿਊਨਿਟੀ ਦਾ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਧਿਆਪਕਾ ਸਮਰਿਤੀ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਜੋਸ਼ ਨਾਲ ਕੰਮ ਕਰਦੇ ਹੋਏ ਸਿੱਖਿਆ ਦੇ ਖੇਤਰ ਵਿੱਚ ਜ਼ਿਲ੍ਹਾ ਪਠਾਨਕੋਟ ਦਾ ਨਾਂ ਰੋਸ਼ਨ ਕਰਨ ਲਈ ਕੰਮ ਕਰਣਗੇ।