ਅਬਾਦ ਖੇਡ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਰੋਹ 6 ਜਨਵਰੀ ਨੂੰ ਹੋਵੇਗਾ 

ਗੁਰਦਾਸਪੁਰ, 29 ਦਸੰਬਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਮਕਸਦ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਅਤੇ ਅਖਿਲ ਭਾਰਤੀਯ ਅਗਰਵਾਲ ਸੰਮੇਲਨ, ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ਅਬਾਦ ਖੇਡ ਟੂਰਨਾਮੈਂਟ-2023-24 (ਸੀਜ਼ਨ-1) ਦਾ ਸਮਾਪਤੀ ਸਮਾਰੋਹ 6 ਜਨਵਰੀ 2024 ਨੂੰ ਹੋਵੇਗਾ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਅਬਾਦ ਖੇਡ ਟੂਰਨਾਮੈਂਟ ਵਿੱਚ ਫੁੱਟਬਾਲ (ਲੜਕੇ), ਹਾਕੀ (ਲੜਕੇ), ਕਿ੍ਰਕੇਟ (ਲੜਕੇ), ਜਿਮਨਾਸਟਿਕ (ਲੜਕੇ ਤੇ ਲੜਕੀਆਂ), ਬੈਡਮਿੰਟਨ (ਲੜਕੇ-ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ ਹਨ, ਜਿਸ ਵਿਚੋਂ ਫੁੱਟਬਾਲ ਅਤੇ ਬੈਡਮਿੰਟਨ ਦੀਆਂ ਖੇਡਾਂ ਦੇ ਫਾਈਨਲ ਮੁਕਾਬਲੇ ਹੋ ਚੁੱਕੇ ਹਨ ਜਦਕਿ 6 ਜਨਵਰੀ 2024 ਨੂੰ ਕਿ੍ਰਕੇਟ ਅਤੇ ਬੈਡਮਿੰਟਨ ਦੇ ਫਾਈਨਲ ਮੁਕਾਬਲੇ ਗੁਰਦਾਸਪੁਰ ਵਿਖੇ ਅਤੇ ਹਾਕੀ ਦਾ ਫਾਈਨਲ ਡੇਅ-ਨਾਈਟ ਮੈਚ ਐਸਟਰੋਟਰਫ ਹਾਕੀ ਸਟੇਡੀਅਮ ਪਿੰਡ ਮਰੜ ਵਿਖੇ ਹੋਵੇਗਾ।  ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅਬਾਦ ਖੇਡ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਰੋਹ 30 ਦਸੰਬਰ ਨੂੰ ਨਿਰਧਾਰਤ ਕੀਤਾ ਗਿਆ ਸੀ ਪਰ ਠੰਡ ਅਤੇ ਧੁੰਦ ਕਾਰਨ ਖਰਾਬ ਮੌਸਮ ਨੂੰ ਦੇਖਦੇ ਹੋਏ ਫਾਈਨਲ ਮੈਚ ਅਤੇ ਸਮਾਪਤੀ ਸਮਾਰੋਹ ਦੀ ਤਰੀਕ ਨੂੰ ਅੱਗੇ ਪਾ ਕੇ 6 ਜਨਵਰੀ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜੇਤੂ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।