ਬਟਾਲਾ, 06 ਨਵੰਬਰ 2024 : ਨਜ਼ਦੀਕੀ ਪਿੰਡ ਪੰਜ ਗਰਾਈਆਂ ਦੇ ਕਿਸਾਨਾਂ ਨੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ, ਫਸਲੀ ਰਹਿੰਦ -ਖੂੰਹਦ ਨੂੰ ਅੱਗ ਲਗਾਉਣ ਤੋਂ ਬਿਨਾਂ ਹੀ ਬਿਜਾਈ ਕਰਨ ਦਾ ਪ੍ਰਣ ਕੀਤਾ ਹੈ। ਅੱਜ ਕਿਸਾਨ ਰਣਧੀਰ ਸਿੰਘ ਬਾਜਵਾ ਨੇ ਪਰਾਲੀ ਨੂੰ ਅੱਗ ਲਗਾਉਣ ਤੋਂ ਬਿਨਾਂ ਹੀ ਪੰਜ ਏਕੜ ਕਣਕ ਦੀ ਬਿਜਾਈ ਕੀਤੀ ਹੈ। ਵਾਤਾਵਰਨ ਦੀ ਸ਼ੁੱਧਤਾ ਲਈ ਪੰਜ ਗਰਾਈਆਂ ਦੀ ਵਿਲੇਜ ਵੈਲਫੇਅਰ ਐਂਡ ਕਲਚਰਲ ਸੋਸਾਇਟੀ ਦੇ ਮੈਂਬਰਾਂ ਨੇ ਸਾਂਝੀਆਂ ਥਾਵਾਂ ਅਤੇ ਨਗਰ ਦੇ ਆਲੇ ਦੁਆਲੇ ਅਤੇ ਸ਼ਾਨਦਾਰ ਪੌਦੇ ਲਗਾਏ ਹਨ। ਕਿਸਾਨ ਆਗੂ ਕੰਵਲਜੀਤ ਸਿੰਘ ਲੱਲੀ, ਪ੍ਰਧਾਨ ਬਲਵੰਤ ਸਿੰਘ ਬਾਜਵਾ, ਬਲਵਿੰਦਰ ਸਿੰਘ ਪੰਜਗਰਾਈਂ, ਤਜਿੰਦਰ ਸਿੰਘ ਲਾਲੀ ਬਾਜਵਾ, ਬਲਵਿੰਦਰ ਸਿੰਘ ਬਾਜਵਾ, ਸਿਕੰਦਰ ਸਿੰਘ, ਸੁਖਵਿੰਦਰ ਸਿੰਘ ਹੇਅਰ, ਗੁਰਮੀਤ ਸਿੰਘ ਸੋਨੂੰ ਪ੍ਰਧਾਨ, ਕੁਲਦੀਪ ਸਿੰਘ, ਸ਼ਮਸ਼ੇਰ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਗੁਰਦਿਆਲ ਸਿੰਘ, ਗੁਰਦੀਪ ਸਿੰਘ, ਪ੍ਰਮਜੀਤ ਸਿੰਘ, ਕੰਵਲਜੀਤ ਸਿੰਘ ਬਾਜਵਾ, ਕਰਤਾਰ ਸਿੰਘ, ਦਵਿੰਦਰ ਸਿੰਘ ਹੇਅਰ, ਅਨੂਪ ਸਿੰਘ ਫ਼ੌਜੀ, ਰਮੇਲ ਸਿੰਘ, ਸਰਵਣ ਸਿੰਘ ਅਤੇ ਹੋਰ ਅਨੇਕਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਫੈਸਲਾ ਕੀਤਾ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਵਾਤਾਵਰਨ ਨੂੰ ਸਾਫ- ਸੁੱਥਰਾ ਰੱਖਣ ਅਤੇ ਚੰਗੀ ਸਿਹਤ ਲਈ ਫਸਲ ਦੀ ਰਹਿੰਦ- ਖੂੰਹਦ ਨੂੰ ਅੱਗ ਨਾ ਲਗਾਉਣ। ਉਨ੍ਹਾਂ ਅੱਗੇ ਕਿਹਾ ਕਿ ਫਸਲ ਦੀ ਰਹਿੰਦ- ਖੂੰਹਦ ਨੂੰ ਅੱਗ ਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਮਿੱਤਰ ਕੀੜੇ ਮਰਦੇ ਹਨ। ਧੂੰਏ ਕਾਰਨ ਸੜਕੀ ਹਾਦਸੇ ਵਾਪਰਨ ਨਾਲ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਧੂੰਆ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ ਖਾਸ ਕਰਕੇ ਫੇਫੜਿਆਂ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਇਸ ਲਈ ਕਿਸਾਨ ਵੀਰ ਫਸਲ ਦੀ ਰਹਿੰਦ—ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਪੈਲੀ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰਨ।