ਖੇਤੀ-ਮਸ਼ੀਨਰੀ ’ਤੇ ਸਬਸਿਡੀ ਲੈਣ ਲਈ ਕਿਸਾਨ 20 ਜੁਲਾਈ ਤੱਕ ਕਰ ਸਕਦੇ ਹਨ ਅਪਲਾਈ

  • ਕਿਸਾਨਾਂ ਨੂੰ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ

ਬਟਾਲਾ, 5 ਜੁਲਾਈ : ਡਾ ਕਿਰਪਾਲ ਸਿੰਘ ਢਿੱਲੋਂ,ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ   ਦੱਸਿਆ ਕਿ ਵਿਭਾਗ ਵੱਲੋਂ ਸਬ ਮਿਸ਼ਨ ਆਨ ਐਗਰੀਕਲਚਰਲ ਮਕੈਨਾਈਜ਼ੇਸ਼ਨ (ਸਮੈਮ) ਸਕੀਮ ਤਹਿਤ ਕਿਸਾਨਾਂ ਤੋਂ ਵੱਖ-ਵੱਖ ਖੇਤੀ ਮਸ਼ੀਨਰੀ ’ਤੇ ਸਬਸਿਡੀ ਦਾ ਲਾਭ ਲੈਣ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਉਨ੍ਹਾਂ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ 20 ਜੁਲਾਈ, 2023 ਤੱਕ ਅਪਲਾਈ ਕਰਨ ਦੀ ਅਪੀਲ ਕੀਤੀ ਹੈ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਿਸਾਨ ਇਸ ਸਕੀਮ ਦਾ ਲਾਭ ਲੈਣ ਲਈ ਵਿਭਾਗ ਦੇ ਪੋਰਟਲ agrimachinerypb.com ਉਤੇ 20 ਜੁਲਾਈ, 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਹ ਸਬਸਿਡੀ ਪੈਡੀ ਟਰਾਂਸਪਲਾਂਟਰਜ਼, ਡੀ.ਐਸ.ਆਰ. ਡਰਿੱਲ, ਪੋਟੈਟੋ ਪਲਾਂਟਰ (ਆਟੋਮੈਟਿਕ/ਸੈਮੀ-ਆਟੋਮੈਟਿਕ), ਟਰੈਕਟਰ ਆਪਰੇਟਿਡ ਬੂਮ ਸਪਰੇਅਰ, ਪੀ.ਟੀ.ਓ. ਆਪਰੇਟਿਡ ਬੰਡ ਫੋਰਮਰ, ਆਇਲ ਮਿੱਲ, ਮਿੰਨੀ ਪ੍ਰੋਸੈਸਿੰਗ ਪਲਾਂਟ ਅਤੇ ਨਰਸਰੀ ਸੀਡਰ ਉਤੇ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੋਲ-ਫਰੀ ਨੰਬਰ 1800-180-1551 ਉਤੇ ਸੰਪਰਕ ਕਰ ਸਕਦੇ ਹਨ ਜਾਂ ਜ਼ਿਲੇ ਦੇ ਖੇਤੀਬਾੜੀ ਦਫ਼ਤਰਾਂ ਵਿੱਚ ਜਾ ਕੇ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।