ਦੁਸ਼ਮਣ ਤਾਕਤਾਂ ਸਾਡੀਆਂ ਪੁਸ਼ਤਾਂ ਨੂੰ ਤਬਾਹ ਕਰਨ ਲਈ ਨਸ਼ੇ ਦੇ ਰੂਪ ਵਿਚ ਜੰਗ ਲੜ ਰਹੀਆਂ-ਜਸਟਿਸ ਸੰਜੈ ਕਿਸ਼ਨ ਕੌਲ

  • ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਨਸ਼ੇ ਵਿਰੁੱਧ ਵਿੱਢੀ ਮੁਹਿੰਮ ਉਸਾਰੂ ਕਦਮ-ਜਸਟਿਸ ਸੰਧਾਵਾਲੀਆ
  • ਨਸ਼ੇ ਦੀ ਸਪਲਾਈ ਦੇ ਨਾਲ-ਨਾਲ ਇਸ ਦੀ ਮੰਗ ਰੋਕਣੀ ਵੀ ਜ਼ਰੂਰੀ-ਪੁਲਿਸ ਕਮਿਸ਼ਨਰ
  • ਬੀ ਐਸ ਐਫ ਨੇ 5 ਸਾਲਾਂ ਵਿਚ 2000 ਕਿਲੋ ਤੋਂ ਵੱਧ ਹੈਰੋਇਨ ਫੜੀ-ਆਈ ਜੀ

ਅੰਮ੍ਰਿਤਸਰ, 4 ਨਵੰਬਰ : ਮਾਣਯੋਗ ਸੁਪਰੀਮ ਕੋਰਟ ਦੇ ਜੱਜ ਸ੍ਰੀ ਸੰਜੈ ਕਿਸ਼ਨ ਕੌਲ, ਜੋ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਚੇਅਰਮੈਨ ਵੀ ਹਨ, ਨੇ ਖਾਲਸਾ ਕਾਲਜ ਵਿਖੇ ‘ਨਸ਼ਿਆਂ ਵਿਰੁੱਧ ਪੰਜਾਬ ਦੀ ਮੁਹਿੰਮ ਵਿਚ ਨੌਜਵਾਨਾਂ ਦੀ ਭੂਮਿਕਾ’ ਵਿਸ਼ੇ ਉਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦੇ ਕਿਹਾ ਕਿ ਦੁਨੀਆਂ ਵਿਚ ਕਈ ਤਰਾਂ ਦੀਆਂ ਜੰਗਾਂ ਚੱਲ ਰਹੀਆਂ ਹਨ, ਨਸ਼ਾ ਉਨਾਂ ਜੰਗਾਂ ਵਿਚੋਂ ਇਕ ਹੈ। ਉਨਾਂ ਕਿਹਾ ਕਿ ਦੁਸ਼ਮਣ ਤਾਕਤਾਂ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਤਬਾਹ ਕਰਨ ਲਈ ਨਸ਼ੇ ਦੀ ਸਪਲਾਈ ਦੇ ਰੂਪ ਵਿਚ ਲੜਾਈ ਲੜ ਰਹੀਆਂ ਹਨ। ਉਨਾਂ ਕਿਹਾ ਕਿ ਇਹ ਕੇਵਲ ਪੰਜਾਬ ਦੀ ਹੀ ਸਮੱਸਿਆ ਨਹੀਂ, ਬਲਕਿ ਸਾਰੇ ਸਰਹੱਦੀ ਸੂਬੇ ਇਸ ਸੰਕਟ ਨਾਲ ਲੜ ਰਹੇ ਹਨ। ਉਨਾਂ ਆਪਣੇ ਕਸ਼ਮੀਰ ਦੌਰੇ ਦਾ ਹਵਾਲਾ ਦੇ ਕੇ ਦੱਸਿਆ ਕਿ ਉਥੇ ਵੀ ਹੁਣ ਨੌਜਵਾਨਾਂ ਨੂੰ ਨਸ਼ੇ ਦੀ ਲਤ ਲਗਾਈ ਜਾ ਰਹੀ ਹੈ ਅਤੇ ਦੂਸਰੀ ਸਰਹੱਦ ਨਾਲ ਲੱਗਦੀ ਪੱਟੀ ਵਿਚ ਖੰਘ ਵਾਲੀ ਦਵਾਈ ਦੇ ਰੂਪ ਵਿਚ ਨਸ਼ੇ ਦੀ ਸਪਲਾਈ ਹੋ ਰਹੀ ਹੈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਰਵਾਏ ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਆਏ ਜਸਟਿਸ ਕੌਲ ਨੇ ਖਾਲਸਾ ਕਾਲਜ ਦੇ ਇਤਹਾਸ ਤੇ ਇਮਾਰਤ ਦੀ ਸਿਫਤ ਕਰਦੇ ਇੱਥੇ ਪੜਦੇ ਬੱਚਿਆਂ ਨੂੰ ਵਧਾਈ ਦਿੱਤੀ। ਉਨਾਂ ਨੌਜਵਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬੀ ਪੱਥਰ ਵਿਚੋਂ ਪਾਣੀ ਕੱਢਣ ਲਈ ਜਾਣੇ ਜਾਂਦੇ ਹਨ ਅਤੇ ਇੰਨੀ ਮਿਹਨਤੀ ਕੌਮ ਦੇ ਭਵਿੱਖ ਵਜੋਂ ਤੁਸੀਂ ਪੜਾਈ ਤੇ ਸਿਹਤ ਵੱਲ ਧਿਆਨ ਦਿਉ। ਉਨਾਂ ਕਿਹਾ ਕਿ ਜਵਾਨੀ ਨੂੰ ਇਲੈਕਟ੍ਰੋਨਿਕਸ ਯੁੱਗ ਦੀ ਦੁਨੀਆਂ ਵਿਚੋਂ ਕੱਢ ਕੇ ਪੜਾਈ ਦੇ ਨਾਲ-ਨਾਲ ਖੇਡਾਂ, ਸਮੂਹਿਕ ਗਤੀਵਿਧੀਆਂ, ਸਮਾਜ ਸੇਵਾ ਵਿਚ ਵੀ ਲਗਾਉਣ ਦੀ ਲੋੜ ਹੈ। ਸ੍ਰੀ ਕੌਲ ਨੇ ਮਾਪਿਆਂ ਨੂੰ ਬੱਚਿਆਂ ਉਤੇ ਅਤੇ ਪੁਲਿਸ ਨੂੰ ਸਕੂਲਾਂ ਤੇ ਕਾਲਜਾਂ ਦੇ ਨੇੜੇ ਨਜ਼ਰ ਰੱਖਣ ਦੀ ਨਸੀਹਤ ਵੀ ਦਿੱਤੀ। ਉਨਾਂ ਕਿਹਾ ਕਿ ਜੋ ਬੱਚਾ ਪੜਾਈ ਵਿਚ ਕਮਜ਼ੋਰ ਹੈ, ਉਸ ਨੂੰ ਉਸਦੇ ਹੁਨਰ ਅਨੁਸਾਰ ਆਰਟ, ਖੇਡਾਂ, ਸੰਗੀਤ ਆਦਿ ਵਿਚ ਕੰਮ ਕਰਨ ਦਿਉ। ਸ੍ਰੀ ਕੌਲ ਨੇ ਕਿਹਾ ਕਿ ਮੈਂ 2013 ਵਿਚ ਪੰਜਾਬ ਵਿਚ ਤਾਇਨਾਤੀ ਵੇਲੇ ਵੀ ਅੰਮ੍ਰਿਤਸਰ ਮੱਥਾ ਟੇਕਣ ਆਇਆ ਸੀ ਅਤੇ ਹੁਣ ਜਦ ਸੇਵਾ ਮੁਕਤੀ ਨੇੜੇ ਹੈ, ਤਾਂ ਵੀ ਮੈਨੂੰ ਅੰਮ੍ਰਿਤਸਰ ਆਉਣ ਦਾ ਸੁਭਾਗ ਮਿਲਿਆ ਹੈ। ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਸ੍ਰੀ ਗੁਰਮੀਤ ਸਿੰਘ ਸੰਧਾਵਾਲੀਆ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਅਫਗਾਨਿਸਤਾਨ ਤੋਂ ਵਾਇਆ ਪਾਕਿਸਾਨ ਭਾਰਤ ਆਉਂਦੀ ਇਸ ਬਿਮਾਰੀ ਦਾ ਜ਼ਿਕਰ ਕਰਦੇ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨਾਂ ਪੁਲਿਸ ਕਮਿਸ਼ਨਰ ਸ੍ਰੀ ਨੌਨਿਹਾਲ ਸਿੰਘ ਵੱਲੋਂ ਅੰਮ੍ਰਿਤਸਰ ਵਿਚ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ‘ਹੋਪ’ ਦਾ ਜ਼ਿਕਰ ਕਰਦੇ ਉਨਾਂ ਦੀ ਸਰਾਹਨਾ ਕਰਦੇ ਦੱਸਿਆ ਕਿ ਹੁਣ ਮਲੇਰਕੋਟਲਾ, ਪਟਿਆਲਾ ਤੇ ਹੋਰ ਜਿਲਿਆਂ ਵਿਚ ਵੀ ਇਸ ਵਿਸ਼ੇ ਉਤੇ ਕੰਮ ਹੋ ਰਿਹਾ ਹੈ, ਜੋ ਕਿ ਚੰਗੀ ਸ਼ੁਰੂਆਤ ਹੈ। ਪੁਲਿਸ ਕਮਿਸ਼ਨਰ ਸ੍ਰੀ ਨੌਨਿਹਾਲ ਸਿੰਘ ਨੇ ਪੰਜਾਬ ਪੁਲਿਸ ਵੱਲੋਂ ਨਸ਼ੇ ਦੀ ਬਰਾਮਦੀ ਦੇ ਅੰਕੜੇ ਦੱਸਦੇ ਕਿਹਾ ਕਿ ਕੇਵਲ ਸਾਡੀ ਬਰਾਮਦਗੀ ਨਾਲ ਨਸ਼ਾ ਖਤਮ ਨਹੀਂ ਹੋ ਸਕਦਾ, ਇਸ ਦੇ ਖਾਤਮੇ ਲਈ ਨਸ਼ੇ ਦੀ ਮੰਗ ਨੂੰ ਰੋਕਣਾ ਜ਼ਰੂਰੀ ਹੈ। ਉਨਾਂ ਅੰਮ੍ਰਿਤਸਰ ਪੁਲਿਸ ਵੱਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ‘ਹੋਪ’ ਬਾਰੇ ਦੱਸਦੇ ਕਿਹਾ ਕਿ ਪ੍ਰਮਾਤਮਾ ਦੀ ਓਟ, ਬੱਚਿਆਂ ਦਾ ਸੰਕਲਪ ਤੇ ਉਨਾਂ ਦੀ ਖੇਡਾਂ ਵਿਚ ਸ਼ਮੂਲੀਅਤ ਕਰਕੇ ਅਸੀਂ ਨਸ਼ੇ ਦੀ ਮੰਗ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਸਦੇ ਚੰਗੇ ਨਤੀਜੇ ਭਵਿੱਖ ਵਿਚ ਮਿਲਣਗੇ। ਬੀ ਐਸ ਐਫ ਦੇ ਆਈ ਜੀ ਡਾ. ਅਤੁਲ ਫੁਲਜਿਲੇ ਨੇ ਦੱਸਿਆ ਕਿ ਅਸੀਂ ਸਰਹੱਦ ਪਾਰ ਤੋਂ ਬੀਤੇ ਪੰਜ ਸਾਲਾਂ ਵਿਚ 2000 ਕਿਲੋ ਤੋਂ ਵੱਧ ਦਾ ਨਸ਼ਾ ਫੜ ਚੁੱਕੇ ਹਾਂ, ਪਰ ਜਦ ਤੱਕ ਪੰਜਾਬ ਦਾ ਨੌਜਵਾਨ ਇਸ ਨੂੰ ਰੋਕਣ ਲਈ ਅੱਗੇ ਨਹੀਂ ਆਉਂਦਾ, ਇਸ ਦੀ ਮੰਗ ਬੰਦ ਨਹੀਂ ਹੁੰਦੀ, ਤਦ ਤੱਕ ਪੂਰਾ ਤਰਾਂ ਗੱਲ ਨਹੀਂ ਬਣ ਸਕਦੀ। ਉਨਾਂ ਨੌਜਵਾਨਾਂ ਨੂੰ ਪੰਜਾਬ ਦੇ ਜਵਾਨਾਂ ਨੂੰ ਚੰਗੀ ਸੋਚ, ਚੰਗੇ ਦੋਸਤ ਅਤੇ ਚੰਗੀ ਸਿਹਤ ਬਨਾਉਣ ਦਾ ਸੱਦਾ ਦਿੱਤਾ। ਇਸ ਮੌਕੇ ਨਸ਼ਾ ਛੱਡ ਕੇ ਮੁੱਖ ਧਾਰਾ ਵਿਚ ਪਰਤੇ ਸ. ਗੁਰਜੀਤ ਸਿੰਘ ਸੰਧੂ ਨੇ ਆਪ ਬੀਤੀ ਸੁਣਾਉਂਦੇ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਜਵਾਨਾਂ ਨੂੰ ਕਿਹਾ ਕਿ ਉਹ ਨਸ਼ਾ ਛੱਡਣ ਲਈ ਅੱਗੇ ਆਉਣ ਤਾਂ ਮੈਂ ਵੀ ਤੁਹਾਡੀ ਸਹਾਇਤਾ ਲਈ ਤਿਆਰ ਹਾਂ। ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸੈਕਟਰੀ ਕਮ ਸੈਸ਼ਨ ਜੱਜ ਮੁਹਾਲੀ ਸ. ਮਨਜਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਅਥਾਰਟੀ ਵੱਲੋਂ ਲਗਾਤਾਰ ਅਜਿਹੀਆਂ ਕੋਸ਼ਿਸ਼ਾਂ ਜਾਰੀ ਰੱਖਣ ਲਈ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਮੁੱਖ ਜੱਜ ਮੈਡਮ ਰੀਤੂ ਬਾਹਰੀ ਤੇ ਜਸਟਿਸ ਅਰੁਣ ਪਲੀ, ਜਸਟਿਸ ਹਰਸਿਮਰਨ ਸਿੰਘ ਸੇਠੀ, ਜਸਟਿਸ ਅਮਨ ਚੌਧਰੀ, ਜਸਟਿਸ ਹਰਪ੍ਰੀਤ ਕੌਰ ਜੀਵਨ, ਮੈਂਬਰ ਸੈਕਟਰੀ ਸ੍ਰੀ ਸੰਤੋਸ਼ ਸਨੇਹੀ ਮਾਨ, ਜਿਲ੍ਹ ਤੇ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਮੈਂਬਰ ਸੈਕਟਰੀ ਸ ਮਨਜਿੰਦਰ ਸਿੰਘ, ਡੀ ਆਈ ਜੀ ਸ੍ਰੀ ਨਰਿੰਦਰ ਭਾਰਗਵ, ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ, ਐਸ ਐਸ ਪੀ ਸ੍ਰੀ ਸਤਿੰਦਰ ਸਿੰਘ, ਏ ਡੀ ਸੀ ਸ੍ਰੀ ਹਰਪ੍ਰੀਤ ਸਿੰਘ, ਪਿ੍ਰੰਸੀਪਲ ਮਹਿਲ ਸਿੰਘ, ਜਿਲ੍ਹਾ ਅਟਾਰਨੀ ਸ੍ਰੀ ਪ੍ਰਮੋਦ ਸ਼ਰਮਾ, ਡਿਪਟੀ ਜਿਲ੍ਹਾ ਅਟਾਰਨੀ ਸ ਅੰਮ੍ਰਿਤਪਾਲ ਸਿੰਘ ਖਹਿਰਾ, ਡੀ ਏ ਲੀਗਲ ਸ੍ਰੀ ਅਮਰਪਾਲ ਸਿੰਘ ਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।