ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਚੋਣ ਖ਼ਰਚ ਤੇ ਚੋਣ ਕਮਿਸ਼ਨ ਦੀ ਰਹੇਗੀ ਤਿੱਖੀ ਨਜ਼ਰ-ਜ਼ਿਲਾ੍ਹ ਚੋਣ ਅਫਸਰ

  • ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਲਈ ਚੋਣ ਕਮਿਸ਼ਨ ਵਲੋਂ ਤਹਿ ਕੀਤੀ ਗਈ ਵੱਧ ਤੋਂ ਵੱਧ 95 ਲੱਖ ਰੁਪਏ ਤੱਕ ਦਾ ਖਰਚਾ ਕਰਨ ਦੀ ਸੀਮਾ-ਸ੍ਰੀ ਸੰਦੀਪ ਕੁਮਾਰ
  • ਉਮੀਦਵਾਰਾਂ ਵੱਲੋਂ ਪੇਡ ਨਿਊਜ਼ ਜਾਂ ਸਿਆਸੀ ਇਸ਼ਤਿਹਾਰਬਾਜ਼ੀ ‘ਤੇ ਕੀਤੇ ਜਾਣ ਵਾਲੇ ਖਰਚੇ ਹੋਣਗੇ ਚੋਣ ਖਰਚੇ ਦਾ ਹਿੱਸਾ

ਤਰਨ ਤਾਰਨ, 21 ਮਾਰਚ : ਲੋਕ ਸਭਾ ਚੋਣਾਂ 2024 ਦੌਰਾਨ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਚੋਣ ਖਰਚ ‘ਤੇ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਰੱਖਣ ਲਈ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ ਹੇਠ ਜ਼ਿਲਾ੍ਹ ਪੱਧਰੀ ਖਰਚਾ ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਚੋਣ ਖ਼ਰਚ ਤੇ ਚੋਣ ਦੀਆਂ ਹਦਾਇਤਾਂ ਅਨੁਸਾਰ ਨਿਗਾਹ ਰੱਖੀ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ੍ਹ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਨੇ ਖਰਚਾ ਨਿਗਰਾਨ ਟੀਮਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਬਿਨਾਂ ਕਿਸੇ ਡਰ ਭੈਅ ਦੇ ਨਿਭਾਉਣ।ਉਨ੍ਹਾਂ ਨੇ ਦੱਸਿਆ ਕਿ ਚੋਣ ਖ਼ਰਚਿਆਂ ਦੀ ਨਿਗਰਾਨੀ ਲਈ, ਜਿੱਥੇ ਚੋਣ ਕਮਿਸ਼ਨ ਖਰਚਾ ਨਿਗਰਾਨ ਨਿਯੁਕਤ ਕਰੇਗਾ, ਉੱਥੇ ਹੀ ਵਿਧਾਨ ਸਭਾ ਹਲਕਿਆਂ ਵਿਚ ਸਹਾਇਕ ਖਰਚਾ ਨਿਗਰਾਨ ਵੀ ਤੈਨਾਤ ਹੋਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਕੀਤੀ ਜਾਣ ਵਾਲੀ ਹਰ ਰੈਲੀ, ਸਭਾ, ਪੋਸਟਰ, ਬੈਨਰ, ਇਸ਼ਤਿਹਾਰਬਾਜ਼ੀ, ਵਾਹਨ ਆਦਿ ਦਾ ਖਰਚਾ ਜੋੜਿਆ ਜਾਵੇਗਾ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਇੱਕ ਉਮੀਦਵਾਰ ਲਈ ਵੱਧ ਤੋਂ ਵੱਧ 95 ਲੱਖ ਰੁਪਏ ਤੱਕ ਦਾ ਖਰਚਾ ਕਰਨ ਦੀ ਸੀਮਾ ਚੋਣ ਕਮਿਸ਼ਨ ਵਲੋਂ ਤਹਿ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਤੇ ਮਾਲਕ ਦੀ ਸਹਿਮਤੀ ਤੋਂ ਬਿਨਾਂ ਸਿਆਸੀ ਇਸ਼ਤਿਹਾਰਬਾਜ਼ੀ ਨਹੀਂ ਲਗਾਈ ਜਾ ਸਕਦੀ ਅਤੇ ਨਾ ਹੀ ਮਾਲਕ ਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਪਾਰਟੀ ਦਾ ਝੰਡਾ ਲਾਇਆ ਜਾ ਸਕਦਾ ਹੈ। ਉਨ੍ਹਾਂ ਇਹ ਦੱਸਿਆ ਕਿ 50 ਹਜ਼ਾਰ ਤੋਂ ਘੱਟ ਜੇਕਰ ਕਿਸੇ ਕੋਲ ਨਗਦੀ ਹੈ ਤਾਂ ਉਸ ਨੂੰ ਅਜਿਹੀ ਨਕਦੀ ਲੈ ਕੇ ਚੱਲਣ ਤੇ ਕੋਈ ਰੋਕ ਨਹੀਂ ਹੈ, ਜਦਕਿ ਕਿ 50 ਹਜ਼ਾਰ ਤੋਂ 10 ਲੱਖ ਰੁਪਏ ਤੱਕ ਦੀ ਜੇਕਰ ਕਿਸੇ ਕੋਲ ਨਗਦੀ ਹੈ ਤਾਂ ਉਸ ਕੋਲ ਇਸ ਰਕਮ ਸੰਬੰਧੀ ਲੋੜੀਂਦੇ ਸਬੂਤ ਹੋਣੇ ਲਾਜ਼ਮੀ ਹਨ, ਅਜਿਹਾ ਨਾ ਹੋਣ ਤੇ ਇਹ ਨਗਦੀ ਜ਼ਬਤ ਕਰ ਲਈ ਜਾਵੇਗੀ ਅਤੇ ਇਸ ਨੂੰ ਬਕਾਇਦਾ ਇੱਕ ਜ਼ਿਲ੍ਹਾ ਪੱਧਰੀ ਕਮੇਟੀ ਦੀ ਪ੍ਰਵਾਨਗੀ ਨਾਲ ਹੀ ਉਚਿਤ ਸਬੂਤ ਦੇਣ ‘ਤੇ ਛੱਡਿਆ ਜਾਵੇਗਾ।ਇਸੇ ਤਰਾਂ 10 ਲੱਖ ਤੋਂ ਵੱਡੀ ਨਗਦ ਬਰਾਮਦਗੀ ‘ਤੇ ਇਨਕਮ ਟੈਕਸ ਵਿਭਾਗ ਨੂੰ ਉਹਦੀ ਜਾਣਕਾਰੀ ਦਿੱਤੀ ਜਾਵੇਗੀ।  ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਜੇਕਰ ਕਿਸੇ ਉਮੀਦਵਾਰ ਦੇ ਸਮਰਥਕ ਦੇ ਨਿੱਜੀ ਵਾਹਨ ਤੇ ਕਿਸੇ ਉਮੀਦਵਾਰ ਦੀ ਫ਼ੋਟੋ ਵਾਲਾ ਪੋਸਟਰ ਬੈਨਰ ਲੱਗਿਆ ਹੈ ਤਾਂ ਉਸ ਵਾਹਨ ਦਾ ਖਰਚਾ ਵੀ ਉਮੀਦਵਾਰ ਦੇ ਖ਼ਰਚੇ ਵਿੱਚ ਜੋੜਿਆ ਜਾਵੇਗਾ ਅਤੇ ਜੇਕਰ ਕਿਸੇ ਪਾਰਟੀ ਦੀ ਝੰਡੀ ਲੱਗੀ ਹੈ ਤਾਂ ਉਹ ਖਰਚਾ ਪਾਰਟੀ ਦੇ ਖ਼ਰਚ ਵਿੱਚ ਜੋੜਿਆ ਜਾਏਗਾ। ਇਸ ਤੋਂ ਬਿਨਾਂ ਸਾਰੀਆਂ ਚੋਣ ਰੈਲੀਆਂ ਸਭਾਵਾਂ ਦੀ ਵੀਡੀਓਗ੍ਰਾਫੀ ਕਰਵਾ ਕੇ ਉਸ ਦੇ ਆਧਾਰ ਤੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਹਰੇਕ ਖ਼ਰਚ ਨੂੰ ਉਨ੍ਹਾਂ ਦੇ ਚੋਣ ਖ਼ਰਚ ਵਿੱਚ ਜੋੜਿਆ ਜਾਵੇਗਾ। ਜ਼ਿਲਾ੍ਹ ਚੋਣ ਅਫਸਰ ਨੇ ਕਿਹਾ ਕਿ ਉਮੀਦਵਾਰਾਂ ਵੱਲੋਂ ਪੇਡ ਨਿਊਜ਼ ਜਾਂ ਸਿਆਸੀ ਇਸ਼ਤਿਹਾਰਬਾਜ਼ੀ ‘ਤੇ ਕੀਤੇ ਜਾਣ ਵਾਲੇ ਖ਼ਰਚ ਨੂੰ ਵੀ ਚੋਣ ਖ਼ਰਚ ਦਾ ਹਿੱਸਾ ਬਣਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਖਰਚਾ ਨਿਗਰਾਨ ਸੈੱਲ ਉਮੀਦਵਾਰਾਂ ਦੇ ਖ਼ਰਚੇ ਦਾ ਹਰੇਕ ਹਿਸਾਬ ਇੱਕ ਸ਼ੈੱਡੋ ਰਜਿਸਟਰ ਵਿੱਚ ਦਰਜ ਕਰੇਗਾ।