- ਅਗਾਂਹਵਧੂ ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਸਟਰਾਅ ਬੇਰੀ ਦੀ ਫ਼ਸਲ ਤੋਂ ਕਮਾ ਰਿਹਾ ਚੋਖੀ ਆਮਦਨ
ਗੁਰਦਾਸਪੁਰ, 15 ਫਰਵਰੀ : ਮਿਹਨਤ ਅੱਗੇ ਲਕਸ਼ਮੀ ਅਤੇ ਪੱਖੇ ਅੱਗੇ ਪੌਣ ਦੀ ਕਹਾਵਤ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਿਰਕ ਦੇ ਅਗਾਂਹਵਧੂ ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਸੱਚ ਕਰ ਦਿਖਾਇਆ ਹੈ। ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਆਪਣੇ ਖੇਤਾਂ ਵਿੱਚ ਸਫਲ ਤਜ਼ਰਬਾ ਕਰਦਿਆਂ ਪੂਰੀ ਸਫਲਤਾ ਨਾਲ ਸਟਰਾਅ ਬੇਰੀ ਦੀ ਕਾਸ਼ਤ ਕੀਤੀ ਹੈ ਜਿਸ ਤੋਂ ਉਹ ਚੋਖੀ ਆਮਦਨ ਕਮਾ ਰਿਹਾ ਹੈ। ਸ਼ੇਰੇ ਪੰਜਾਬ ਸਿੰਘ ਨੇ ਇਸ ਫ਼ਸਲ ਦੀ ਕਾਸ਼ਤ ਕਰਕੇ ਜਿੱਥੇ ਫ਼ਸਲੀ ਵਿਭਿੰਨਤਾ ਲਿਆਂਦੀ ਹੈ ਓਥੇ ਨਾਲ ਹੀ ਪਾਣੀ ਦੀ ਬੱਚਤ ਕਰਨ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ। ਅਗਾਂਹਵਧੂ ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਦੱਸਿਆ ਕਿ ਉਹ ਪਿਛਲੇ 7 ਸਾਲਾਂ ਤੋਂ ਸਟਰਾਅ ਬੇਰੀ ਦੀ ਕਾਸ਼ਤ ਕਰ ਰਿਹਾ ਹੈ। ਸ. ਕਾਹਲੋਂ ਨੇ ਦੱਸਿਆ ਕਿ ਉਸਨੇ ਇਸ ਸਾਲ ਵੀ 5 ਕਨਾਲ਼ਾਂ 'ਚ ਸਟਰਾਅ ਬੇਰੀ ਦੀ ਕਾਸ਼ਤ ਕੀਤੀ ਹੈ। ਉਸਨੇ ਦੱਸਿਆ ਕਿ ਉਹ ਸਟਰਾਅ ਬੇਰੀ ਦੀ ਮਾਰਕੀਟਿੰਗ ਵੀ ਖ਼ੁਦ ਕਰਦਾ ਹੈ ਅਤੇ ਦੂਸਰੀਆਂ ਫ਼ਸਲਾਂ ਦੇ ਮੁਕਾਬਲੇ ਉਸਨੂੰ ਇਸ ਫ਼ਸਲ ਵਿੱਚੋਂ ਵੱਧ ਆਮਦਨ ਹੋ ਰਹੀ ਹੈ। ਉਸਨੇ ਕਿਹਾ ਕਿ ਉਸਦੇ ਗ੍ਰਾਹਕ ਉਸ ਨਾਲ ਸਿੱਧਾ ਰਾਬਤਾ ਕਰਕੇ ਆਰਡਰ ਲਿਖਾ ਦਿੰਦੇ ਹਨ ਅਤੇ ਉਹ ਬਿਲਕੁਲ ਤਾਜ਼ੀ ਸਟਰਾਅ ਬੇਰੀ ਉਨ੍ਹਾਂ ਦੇ ਘਰ ਪਹੁੰਚਾ ਦਿੰਦਾ ਹੈ। ਅਜਿਹਾ ਕਰਨ ਨਾਲ ਉਸ ਨੂੰ ਬਜ਼ਾਰ ਨਾਲੋਂ ਵੱਧ ਰੇਟ ਮਿਲ ਜਾਂਦਾ ਹੈ।
ਸਟਰਾਅ ਬੇਰੀ ਦੀ ਫ਼ਸਲ ਪੈਦਾ ਕਰਨਾ ਸਭ ਤੋਂ ਔਖਾ.....
ਕਿਸਾਨ ਸ਼ੇਰੇ ਪੰਜਾਬ ਕਾਹਲੋਂ ਨੇ ਦੱਸਿਆ ਕਿ ਸਟਰਾਅ ਬੇਰੀ ਫਲ ਬਹੁਤ ਗੁਣਕਾਰੀ ਹੈ। ਉਸ ਨੇ ਦੱਸਿਆ ਕਿ ਸਟਰਾਅ ਬੇਰੀ ਦੀ ਬਿਜਾਈ ਅਕਤੂਬਰ ਮਹੀਨੇ ਚ ਕੀਤੀ ਜਾਂਦੀ ਹੈ ਅਤੇ ਇਹ ਫ਼ਸਲ ਪੱਕ ਕੇ ਫਰਵਰੀ ਮਹੀਨੇ 'ਚ ਤਿਆਰ ਹੁੰਦੀ ਹੈ। ਉਸ ਨੇ ਦੱਸਿਆ ਕਿ 20 ਫਰਵਰੀ ਤੋਂ ਬਾਅਦ ਇਸ ਦਾ ਮੰਡੀਕਰਨ ਕਰਨਾ ਸ਼ੁਰੂ ਹੋ ਜਾਂਦਾ ਹੈ। ਸ. ਕਾਹਲੋਂ ਨੇ ਦੱਸਿਆ ਕਿ ਸਟਰਾਬੇਰੀ ਦੀ ਫ਼ਸਲ ਦੀ ਕਾਸ਼ਤ ਬਹੁਤ ਔਖੀ ਹੈ ਅਤੇ ਇਸ ਨੂੰ ਭਾਰੀ ਠੰਢ ਅਤੇ ਮੀਂਹ ਤੋਂ ਬਚਾਉਣਾ ਪੈਂਦਾ ਹੈ। ਸਾਫ਼ ਮੌਸਮ ਇਸ ਲਈ ਬਹੁਤ ਲਾਹੇਵੰਦ ਹੈ। ਉਸਨੇ ਦੱਸਿਆ ਕਿ ਇਸ ਦੀ ਪਨੀਰੀ ਹਿਮਾਚਲ ਦੇ ਊਨਾ ਅਤੇ ਮਹਾਂਬਲੇਸਵਰ ਤੋਂ ਮਿਲਦੀ ਹੈ।
ਪੰਛੀ ਬੁਲਬੁਲ ਪਹੁੰਚਾਉਂਦੀ ਹੈ ਭਾਰੀ ਨੁਕਸਾਨ...
ਸੇਰੇ ਪੰਜਾਬ ਨੇ ਦੱਸਿਆ ਕਿ ਪੰਛੀ ਬੁਲਬੁਲ ਇਸ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਸ ਨੇ ਦੱਸਿਆ ਕਿ ਸਟਰਾਅ ਬੇਰੀ ਦਾ ਫਲ ਪੱਕ ਕੇ ਤਿਆਰ ਹੁੰਦਾ ਹੈ ਤਾਂ ਇਸ ਉੱਤੇ ਬੁਲਬੁਲ ਪੰਛੀ ਨੁਕਸਾਨ ਕਰਨਾ ਸ਼ੁਰੂ ਕਰ ਦਿੰਦਾ ਹੈ। ਉਸ ਨੇ ਦੱਸਿਆ ਕਿ ਬੁਲਬੁਲ ਪੰਛੀ ਤੋਂ ਬਚਾਉਣ ਲਈ ਆਡੀਓ ਟੇਪ ਦਾ ਫੀਤਾ ਤੇ ਲਿਸ਼ਕਾਰੇ ਵਾਲੇ ਫੀਤੇ ਦੀ ਆਲੇ-ਦੁਆਲੇ ਵਾੜ ਕਰਨੀ ਪੈਂਦੀ ਹੈ।
ਸੋਸ਼ਲ ਮੀਡੀਆ ਰਾਹੀਂ ਸ਼ੇਰੇ ਪੰਜਾਬ ਸਿੰਘ ਕਾਹਲੋਂ ਕਰਦਾ ਹੈ ਮੰਡੀਕਰਨ....
ਕਿਸਾਨ ਸ਼ੇਰੇ ਪੰਜਾਬ ਨੇ ਦੱਸਿਆ ਕਿ ਉਹ ਸਟਰਾਅ ਬੇਰੀ ਦਾ ਮੰਡੀਕਰਨ ਸੋਸ਼ਲ ਮੀਡੀਆ ਦੇ ਜਰੀਏ ਕਰਦਾ ਹੈ। ਉਸ ਨੇ ਦੱਸਿਆ ਕਿ ਜਦ ਉਹ ਫ਼ਸਲ ਨੂੰ ਪਹਿਲਾਂ ਮੰਡੀ ਵੇਚਦਾ ਸੀ ਤਾਂ ਉਸਨੂੰ ਭਾਅ ਕੁਝ ਘੱਟ ਮਿਲਦਾ ਸੀ ਅਤੇ ਫਿਰ ਉਸਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਫ਼ਸਲ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਉਸਦੇ ਗਾਹਕ ਸਿੱਧੇ ਰੂਪ ਵਿੱਚ ਜੁੜਨੇ ਸ਼ੁਰੂ ਹੋ ਗਏ ਅਤੇ ਉਸ ਨੇ ਘਰੋ-ਘਰੀ ਸਿੱਧੀ ਸਪਲਾਈ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਮੁਨਾਫ਼ਾ ਦੁੱਗਣਾ ਹੋ ਗਿਆ। ਹੁਣ ਕਿਸਾਨ ਸ਼ੇਰੇ ਪੰਜਾਬ ਨੂੰ ਉਸਦੇ ਗਾਹਕ ਸਿੱਧਾ ਆਰਡਰ ਦਿੰਦੇ ਹਨ ਅਤੇ ਉਹ ਸਟਰਾਅ ਬੇਰੀ ਦੀ ਹੋਮ ਡਲਿਵਰੀ ਕਰ ਦਿੰਦਾ ਹੈ। ਕੀੜੀ ਅਤੇ ਫੰਗਿਸ ਤੋਂ ਬਚਾਉਣ ਲਈ ਖੱਟੀ ਲੱਸੀ ਤੇ ਨਿੰਮ ਦੀ ਕਰਦਾ ਹੈ ਸਪਰੇਅ....
ਕਿਸਾਨ ਸ਼ੇਰੇ ਪੰਜਾਬ ਨੇ ਕਿਹਾ ਕਿ ਉਹ ਸਟਰਾਅ ਬੇਰੀ ਦੀ ਫ਼ਸਲ ਆਰਗੈਨਿਕ ਤਰੀਕੇ ਨਾਲ ਪੈਦਾ ਕਰਦਾ ਹੈ ਅਤੇ ਫਲ ਨੂੰ ਕੀੜੀ ਅਤੇ ਫੰਗੀਸ ਤੋਂ ਬਚਾਉਣ ਲਈ ਖੱਟੀ ਲੱਸੀ ਅਤੇ ਨਿੰਮ ਦਾ ਛਿੜਕਾਅ ਕਰਦਾ ਹੈ, ਇਸ ਤੋ ਇਲਾਵਾ ਦੇਸੀ ਖਾਦ ਦੀ ਵਰਤੋਂ ਕਰਦਾ ਹੈ। ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਦੂਸਰੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫ਼ਸਲਾਂ ਦੀ ਬਿਜਾਈ ਕਰਨ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਦੀ ਸਲਾਹ ਅਤੇ ਸਹੀ ਜਾਣਕਾਰੀ ਅਤੇ ਆਪਣੀ ਮਿਹਨਤ ਨਾਲ ਕਿਸਾਨ ਆਪਣੇ ਖੇਤਾਂ ਵਿੱਚ ਸਫਲਤਾ ਦੀ ਨਵੀਂ ਇਬਾਰਤ ਲਿਖ ਸਕਦੇ ਹਨ।