ਡਾ. ਸਹੋਤਰਾ ਨੇ 6 ਘੰਟੇ ਦਾ ਆਪ੍ਰੇਸ਼ਨ ਕਰਕੇ ਜੋੜਿਆ ਨੌਜਵਾਨ ਦਾ ਕੱਟਿਆ ਗੁੱਟ 

ਗੁਰਦਾਸਪੁਰ, 14 ਜੁਲਾਈ : ਗੁਰਦਾਸਪੁਰ ਸ਼ਹਿਰ ਅੰਦਰ ਪੁਰਾਣੀ ਸਬਜੀ ਮੰਡੀ ਨੇੜੇ ਸਥਿਤ ਡਾ. ਦੀਪਕ ਸਹੋਤਰਾ ਆਰਥੋ ਮੈਡੀਕਲ ਸੈਂਟਰ ਵਿੱਚ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਦੀਪਕ ਸਹੋਤਰਾ ਨੇ ਇੱਕ ਨੌਜਵਾਨ ਦੇ ਕੱਟੇ ਗਏ ਗੁੱਟ ਅਤੇ ਹੱਥ ਨੂੰ ਮੁੜ ਜੋੜ ਕੇ ਇੱਕ ਹੋਰ ਮਿਸਾਲ ਪੈਦਾ ਕੀਤੀ ਹੈ। ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡਾ. ਦੀਪਕ ਸਹੋਤਰਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੇ ਹਸਪਤਾਲ ਵਿੱਚ ਇੱਕ ਨੌਜਵਾਨ ਲਿਆਂਦਾ ਗਿਆ ਸੀ ਜਿਸ ਦਾ ਕੁਝ ਹਮਲਾਵਰਾਂ ਨੇ ਤੇਜਧਾਰ ਹਥਿਆਰਾਂ ਨਾਲ ਗੁੱਟ ਵੱਢ ਦਿੱਤਾ ਸੀ ਅਤੇ ਹੋਰ ਅੰਗਾਂ 'ਤੇ ਵੀ ਤਿੱਖੇ ਵਾਰ ਕੀਤੇ ਸਨ। ਉਨ੍ਹਾਂ ਕਿਹਾ ਕਿ ਉੱਕਤ ਗੁੱਟ ਕਰੀਬ 80 ਫੀਸਦੀ ਕੱਟਿਆ ਗਿਆ ਸੀ ਪਰ ਇਸਦੇ ਬਾਵਜੂਦ ਉਨ੍ਹਾਂ ਨੇ ਆਪਣੇ ਹਸਪਤਾਲ ਵਿੱਚ ਹੀ ਇਸਦਾ ਸਫਲ ਆਪ੍ਰੇਸ਼ਨ ਕੀਤਾ ਹੈ ਅਤੇ ਬਹੁਤ ਜਲਦੀ ਇਹ ਨੌਜਵਾਨ ਦਾ ਹੱਥ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਦੱਸਿਆ ਕਿ ਇਹ ਆਪ੍ਰੇਸ਼ਨ ਕਰਨ ਲਈ ਕਰੀਬ 6 ਘੰਟੇ ਦਾ ਸਮਾਂ ਲੱਗਿਆ ਅਤੇ ਕਾਫੀ ਮਿਹਨਤ ਦੇ ਬਾਅਦ ਉਹ ਸਫਲਤਾ ਪੂਰਵਕ ਆਪ੍ਰੇਸ਼ਨ ਸੰਪੰਨ ਕਰ ਸਕੇ। ਇੱਥੇ ਦੱਸਣਯੋਗ ਹੈ ਕਿ ਗੁਰਦਾਸਪੁਰ ਸ਼ਹਿਰ ਵਿੱਚ ਅਜਿਹੇ ਇਲਾਜ ਦੀ ਸੁਵਿਧਾ ਨਾਮਾਤਰ ਹੋਣ ਕਾਰਨ ਪਹਿਲਾਂ ਲੋਕਾਂ ਨੂੰ ਅੰਮ੍ਰਿਤਸਰ ਜਾਣਾ ਪੈਂਦਾ ਸੀ ਪਰ ਕੱਟੇ ਹੋਏ ਅੰਗਾਂ ਨੂੰ ਮੁੜ ਜੋੜਣ ਲਈ ਮਰੀਜ ਦਾ ਹਸਪਤਾਲ ਵਿੱਚ ਤੁਰੰਤ ਪਹੁੰਚਣਾ ਬਹੁਤ ਜਰੂਰੀ ਹੁੰਦਾ ਹੈ ਪਰ ਅੰਮ੍ਰਿਤਸਰ ਪਹੁੰਚਣ ਵਿੱਚ ਦੇਰੀ ਹੋਣ ਕਾਰਨ ਕਈ ਵਾਰ ਕੱਟੇ ਹੋਏ ਅੰਗ ਸਮੇਂ ਸਿਰ ਨਹੀਂ ਜੁੜਦੇ ਸਨ ਪਰ ਹੁਣ ਡਾ. ਦੀਪਕ ਸਹੋਤਰਾ ਵੱਲੋਂ ਗੁਰਦਾਸਪੁਰ ਵਿੱਚ ਹੀ ਅਜਿਹੇ ਆਪ੍ਰੇਸ਼ਨ ਕਰ ਦਿੱਤੇ ਜਾਣ ਕਾਰਨ ਜਿੱਥੇ ਉੱਕਤ ਮਰੀਜ ਅਤੇ ਉਸਦੇ ਮਾਪੇ ਰਾਹਤ ਮਹਿਸੂਸ ਕਰ ਰਹੇ ਹਨ। ਉਸਦੇ ਨਾਲ ਹੀ ਆਮ ਲੋਕ ਵੀ ਇਸ ਨੂੰ ਲੈ ਕੇ ਖੁਸ਼ ਹਨ ਕਿ ਗੁਰਦਾਸਪੁਰ ਵਿੱਚ ਵੀ ਅਜਿਹੇ ਇਲਾਜ ਦੀ ਸਹੂਲਤ ਮਿਲ ਰਹੀ ਹੈ।