`ਖੇਡਾਂ ਵਤਨ ਪੰਜਾਬ ਦੀਆਂ-2023` ਤਹਿਤਰਾਜ ਪੱਧਰੀ ਕੁਸ਼ਤੀ ਮੁਕਾਬਲਿਆਂ ਦੀ ਮੇਜ਼ਬਾਨੀ ਕਰੇਗਾ ਜ਼ਿਲ੍ਹਾ ਤਰਨ ਤਾਰਨ-ਡਿਪਟੀ ਕਮਿਸ਼ਨਰ

  • 17 ਅਕਤੂਬਰ ਤੋਂ 22 ਅਕਤੂਬਰ ਤੱਕ ਕਰਵਾਏ ਜਾਣਗੇ ਰਾਜ ਪੱਧਰੀ ਕੁਸ਼ਤੀ ਫਰੀ ਸਟਾਇਲ ਤੇ ਗ੍ਰੀਕੋ ਰੋਮਨ ਮੁਕਾਬਲੇ

ਤਰਨ ਤਾਰਨ, 13 ਅਕਤੂਬਰ : “ਖੇਡਾਂ ਵਤਨ ਪੰਜਾਬ ਦੀਆਂ”-2023 ਤਹਿਤ ਰਾਜ ਪੱਧਰੀ ਖੇਡਾਂ ਦੌਰਾਨ ਇੰਨਡੋਰ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਕਰਵਾਏ ਜਾ ਰਹੇ ਕੁਸ਼ਤੀ ਫਰੀ ਸਟਾਇਲ ਤੇ ਗ੍ਰੀਕੋ ਰੋਮਨ ਮੁਕਾਬਲਿਆਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਇਹ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ 17 ਅਕਤੂਬਰ ਤੋਂ 22 ਅਕਤੂਬਰ ਤੱਕ ਇੰਨਡੋਰ ਖੇਡ ਸਟੇਡੀਅਮ, ਨੇੜੇ ਪੁਲਿਸ ਲਾਈਨ ਤਰਨ ਤਾਰਨ ਵਿਖੇ ਰਾਜ ਪੱਧਰੀ ਕੁਸ਼ਤੀ ਫਰੀ ਸਟਾਇਲ ਤੇ ਗ੍ਰੀਕੋ ਰੋਮਨ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਰਾਜ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਸਮੁੱਚੇ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕੀਤੀ।ਉਹਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਪ੍ਰਬੰਧਾਂ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।ਉਹਨਾਂ ਕਿਹਾ ਕਿ ਸਮੂਹ ਵਿਭਾਗ ਆਪਣੀ-ਆਪਣੀ ਡਿਊਟੀ ਤਨਦੇਹੀ ਨਾਲ ਨਾਲ ਨਿਭਾਉਣ, ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਨ੍ਹਾਂ ਖੇਡਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਤਰਨ ਤਾਰਨ ਸ਼੍ਰੀਮਤੀ ਸਤਵੰਤ ਕੌਰ ਨੇ ਦੱਸਿਆ ਕਿ ਕੁਸ਼ਤੀਆਂ ਅੰਡਰ-14, 17, 20 (ਲੜਕੀਆਂ) ਦੇ ਮੁਕਾਬਲੇ 17 ਅਕਤੂਬਰ ਨੂੰ, ਲੜਕੀਆਂ ਅੰਡਰ-23, 23 ਤੋਂ 35 ਤੇ +35 ਉਮਰ ਵਰਗ ਦੇ ਮੁਕਾਬਲੇ 18 ਅਕਤੂਬਰ ਨੂੰ, ਅੰਡਰ-14 ਫਰੀ ਸਟਾਇਲ, ਅੰਡਰ-17 ਗ੍ਰੀਕੋ ਰੋਮਨ (ਲੜਕੇ) ਦੇ ਮੁਕਾਬਲੇ 19 ਅਕਤੂਬਰ ਨੂੰ, ਲੜਕੇ ਅੰਡਰ-17, 20, 23 ਫਰੀ ਸਟਾਇਲ ਕੁਸ਼ਤੀ ਮੁਕਾਬਲੇ 20 ਅਕਤੂਬਰ ਨੂੰ, ਲੜਕੇ ਅੰਡਰ-20, 23, 23 ਤੋਂ 35 ਅਤੇ +35 ਗ੍ਰੀਕੋ ਰੋਮਨ ਮੁਕਾਬਲੇ 21 ਅਕਤੂਬਰ ਨੂੰ ਅਤੇ ਲੜਕੇ/ਮੈਨ ਅੰਡਰ 23 ਤੋਂ 35 ਤੇ +35 ਉਮਰ ਵਰਗ ਦੇ ਫਰੀ ਸਟਾਇਲ ਕੁਸ਼ਤੀ ਮੁਕਾਬਲੇ 22 ਅਕਤੂਬਰ ਨੂੰ ਕਰਵਾਏ ਜਾਣਗੇ।