ਜ਼ਿਲ੍ਹਾ ਮੈਜਿਸਟਰੇਟ ਵੱਲੋਂ ਖੇਤੀਬਾੜੀ ਵਿਭਾਗ ਨੂੰ ਝੱਖੜ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਦੇ ਆਦੇਸ਼

ਅੰਮ੍ਰਿਤਸਰ 7 ਅਕਤੂਬਰ 2024 : ਬੀਤੇ ਦਿਨੀ ਆਏ ਤੇਜ਼ ਹਨੇਰੀ ਅਤੇ ਤੂਫਾਨ ਕਾਰਨ ਫਸਲਾਂ ਦੇ ਨੁਕਸਾਨ ਹੋਣ ਦੀਆਂ ਆਈਆਂ ਖਬਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਹਰੇਕ ਖੇਤ ਤੱਕ ਪਹੁੰਚ ਕਰਕੇ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਇਸ ਬਾਰੇ ਕਿਸਾਨਾਂ ਨੂੰ ਢੁਕਵਾਂ ਮਸ਼ਵਰਾ ਦੇਣ, ਤਾਂ ਜੋ ਉਹ ਆਪਣੀ ਫਸਲ ਆਸਾਨੀ ਨਾਲ ਸਾਂਭ ਸਕਣ। ਜਾਰੀ ਕੀਤੇ ਹੁਕਮਾਂ ਵਿੱਚ ਉਹਨਾਂ ਕਿਹਾ ਕਿ ਵੱਖ-ਵੱਖ ਮਾਧਿਅਮਾਂ ਰਾਹੀਂ ਨਿਮਨਹਸ਼ਤਾਖਰ ਦੇ ਧਿਆਨ ਵਿੱਚ ਆਇਆ ਹੈ ਕਿ 5 ਅਕਤੂਬਰ ਨੂੰ ਦੇਰ ਰਾਤ ਆਏ ਤੂਫਾਨ ਕਾਰਨ ਫਸਲਾਂ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸ ਲਈ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਅਧੀਨ ਆਉਂਦੇ ਸਮੁੱਚੇ ਫੀਲਡ ਸਟਾਫ ਨੂੰ ਡਿਊਟੀ ਲਗਾਉਣ, ਜੋ ਤੁਰੰਤ ਫੀਲਡ ਵਿੱਚ ਇਸ ਦਾ ਜਾਇਜ਼ਾ ਲੈਣ ਅਤੇ ਕਿਸਾਨਾਂ ਨਾਲ ਤਾਲਮੇਲ ਬਣਾਉਣ। ਜਿਥੇ ਕਿਤੇ ਵੀ ਤੁਫ਼ਾਨ ਝੋਨੇ ਦੀ ਫਸਲ ਡਿੱਗਣ ਦਾ ਕੇਸ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਫਸਲ ਦੀ ਸਾਂਭ-ਸੰਭਾਲ ਲਈ ਸਲਾਹ ਅਤੇ ਮਦਦ ਕਿਸਾਨਾਂ ਨੂੰ ਪ੍ਰਦਾਨ ਕਰਨਾ ਯਕੀਣੀ ਬਣਾਉਣ।