ਧਾਰੀਵਾਲ ਨਗਰ ਕੌਂਸਲ ਨੇ `ਮੇਰਾ ਸ਼ਹਿਰ, ਮੇਰਾ ਮਾਣ` ਮੁਹਿੰਮ ਤਹਿਤ ਫ਼ਲਦਾਰ ਬੂਟੇ ਲਗਾਏ

ਧਾਰੀਵਾਲ, 4 ਅਗਸਤ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ਤਹਿਤ ਨਗਰ ਕੌਂਸਲ ਧਾਰੀਵਾਲ ਵੱਲੋਂ `ਮੇਰਾ ਸ਼ਹਿਰ ਮੇਰਾ ਮਾਣ` ਮੁਹਿੰਮ ਤਹਿਤ ਅੱਜ ਧਾਰੀਵਾਲ ਸ਼ਹਿਰ ਦੇ `ਮਿਸ਼ਨ ਹਸਪਤਾਲ` ਅਤੇ `ਮਿਸ਼ਨ ਨਰਸਿੰਗ ਕਾਲਜ` ਵਿਖੇ ਫ਼ਲਦਾਰ ਬੂਟੇ ਲਗਾਏ ਗਏ। ਇਸ ਮੌਕੇ ਨਗਰ ਕੌਂਸਲ ਧਾਰੀਵਾਲ ਦੇ ਕਰਮਚਾਰੀਆਂ ਨੇ ਹਸਪਤਾਲ ਅਤੇ ਕਾਲਜ ਦੇ ਸਮੂਹ ਪ੍ਰਬੰਧਕ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਕੂੜੇ ਦੇ ਢੁੱਕਵੇਂ ਪ੍ਰਬੰਧਨ (ਸੋਰਸ ਸੇਗਰੀਗੇਸ਼ਨ) ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਨਗਰ ਕੌਂਸਲ ਕਰਮੀਆਂ ਨੇ ਗਿੱਲੇ ਕੂੜੇ ਤੋਂ ਜੈਵਿਕ ਖ਼ਾਦ ਬਣਾਉਣ ਲਈ ਪ੍ਰੇਰਿਤ ਕੀਤਾ। ਮਿਸ਼ਨ ਹਸਪਤਾਲ ਦੇ ਪ੍ਰਬੰਧਕਾਂ, ਕਾਲਜ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਵੱਲੋਂ ਵੀ ਇਹ ਯਕੀਂਨ ਦੁਆਇਆ ਗਿਆ ਕਿ ਉਹ ਗਿੱਲੇ ਅਤੇ ਸੁੱਕੇ ਕੂੜੇ ਲਈ ਦੋ ਅਲੱਗ-ਅਲੱਗ ਡਸਟਬਿਨ ਲਗਾਉਣਗੇ ਅਤੇ ਸ਼ਹਿਰ ਦੀ ਸਾਫ਼ ਸਫ਼ਾਈ ਲਈ ਨਗਰ ਕੌਂਸਲ ਦਾ ਪੂਰਨ ਸਹਿਯੋਗ ਦੇਣਗੇ। ਉਨ੍ਹਾਂ ਇਸ ਮੌਕੇ ਇਹ ਵੀ ਪ੍ਰਣ ਲਿਆ ਕੇ ਉਹ ਬਾਜ਼ਾਰ ਨੂੰ ਜਾਣ ਸਮੇਂ ਪਲਾਸਟਿਕ ਦੀ ਵਰਤੋਂ ਨਾ ਕਰਕੇ ਕੱਪੜੇ ਦੇ ਬਣੇ ਥੈਲੇ ਦੀ ਹੀ ਵਰਤੋਂ ਕਰਨਗੇ।