ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਆਜ਼ਾਦੀ ਦਿਹਾੜਾ ਮਨਾਉਣ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ

ਤਰਨ ਤਾਰਨ 8 ਅਗਸਤ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀਮਤੀ ਬਲਦੀਪ ਕੌਰ  ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਤਰਨ ਤਾਰਨ ਵਿੱਚ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਜ਼ਿਲਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਚਲ ਰਹੀਆਂ ਹਨ । 15 ਅਗਸਤ ਨੂੰ ਤਰਨ ਤਾਰਨ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਰੱਖਿਆ ਸੇਵਾਵਾਂ ਭਲਾਈ ਅਤੇ ਸੁਤੰਤਰਤਾ ਸੰਗਰਾਮੀ ਮੰਤਰੀ, ਪੰਜਾਬ ਸ੍ਰ. ਚੇਤਨ ਸਿੰਘ ਜੌੜਾਮਾਜਰਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।  ਇਸ ਪ੍ਰੋਗਰਾਮ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਸੁਰਿੰਦਰ ਕੁਮਾਰ, ਪ੍ਰੋਗਰਾਮ ਕੋਆਰਡੀਨੇਟਰ ਪ੍ਰਿੰਸੀਪਲ ਮੈਡਮ ਰਾਜਿੰਦਰ ਕੌਰ, ਜ਼ਿਲ੍ਹਾ ਗਾਈਡੇਂਸ ਕਾਉਂਸਲਾਰ ਸ੍ਰ ਸੁਖਬੀਰ ਸਿੰਘ ਕੰਗ ਨੇ ਉਚੇਚੇ ਤੌਰ ´ਤੇ ਐਸ ਡੀ ਕਾਲਜ ਵਿੱਚ ਸ਼ਿਰਕਤ ਕੀਤੀ ਜਿੱਥੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਭੰਗੜੇ ਅਤੇ ਪੀ ਟੀ ਦੀ ਰਿਹਰਸਲ ਕਰ ਰਹੇ ਸਨ। ਉਹਨਾਂ ਪ੍ਰੋਗਰਾਮ ਸਬੰਧੀ ਰਿਹਰਸਲਾਂ ਤੇ ਤਸੱਲੀ ਪ੍ਰਗਟ ਕੀਤੀ । ਇਸ ਮੌਕੇ ਬੋਲਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਵਾਰ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਪੂਰੇ ਜਾਹੋ - ਜਲਾਲ ਨਾਲ ਮਨਾਇਆ ਜਾ ਰਿਹਾ ਹੈ । ਇਹ ਪ੍ਰੋਗਰਾਮ ਆਪਣੀ ਵਿਲੱਖਣ ਦਿੱਖ, ਦੇਸ਼ ਭਗਤੀ ਦੇ ਰੰਗਾਂ ਵਿੱਚ ਰੰਗਿਆ ਅਤੇ ਪੰਜਾਬ ਦੇ ਸ਼ਾਨਦਾਰ ਅਤੇ ਗੌਰਵਮਈ ਵਿਰਸੇ ਨੂੰ ਦਰਸਾਉਣ ਵਾਲਾ ਹੋਵੇਗਾ । ਉਹਨਾਂ ਕਿਹਾ ਕਿ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀ ਅਣਥੱਕ ਮਿਹਨਤ ਦਰਸ਼ਕਾਂ ਤੇ ਆਪਣਾ ਵੱਖਰਾ ਪ੍ਰਭਾਵ ਛੱਡੇਗੀ । ਜਿਕਰਯੋਗ ਹੈ ਕਿ ਇਸ ਪ੍ਰੋਗਰਾਮ ਦੀ ਸਫਲਤਾ ਲਈ ਉੱਪ ਮੰਡਲ ਮੈਜਿਸਟ੍ਰੇਟ ਸ੍ਰੀ ਰਜਨੀਸ਼ ਅਰੋੜਾ ਆਪਣੇ ਨਿੱਗਰ ਦਿਸ਼ਾ ਨਿਰਦੇਸ਼ ਅਤੇ ਸਹਿਯੋਗ ਦੇ ਰਹੇ ਹਨ।  ਇਸ ਮੌਕੇ ਸਪੋਰਟਸ ਕੋਆਰਡੀਨੇਟਰ ਜੁਗਰਾਜ ਸਿੰਘ, ਮਨਿੰਦਰ ਸਿੰਘ ਰਟੌਲ, ਬੀਰਇੰਦਰ ਸਿੰਘ ਲਹਿਰੀ, ਕੁਲਵਿੰਦਰ ਸਿੰਘ ਲਵਲੀ, ਲੈਕ. ਹੀਰਾ ਸਿੰਘ ਅਤੇ ਹੋਰ ਅਧਿਕਾਰੀ ਕਰਮਚਾਰੀ ਹਾਜਰ ਸਨ।