ਡਿਪਟੀ ਕਮਿਸ਼ਨਰ ਵੱਲੋਂ ਦਰਿਆ ਸਤਲੁਜ ਨਾਲ ਲੱਗਦੇ ਹੜ੍ਹਾਂ ਦੇ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ

  • ਹੜ੍ਹਾਂ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਆਪ ਕਮਾਂਡ ਸੰਭਾਲ ਰਹੇ ਹਨ ਐੱਸ. ਐੱਸ. ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ

ਤਰਨ ਤਾਰਨ, 11 ਜੁਲਾਈ : ਹਰੀਕੇ ਹੈੱਡ ਵਰਕਸ ਤੋਂ ਨੀਵਾਣ ਵੱਲ ਦਰਿਆ ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਦਰਿਆ ਦੀ ਮਾਰ ਹੇਠ ਆਉਂਦੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਕੱਢਣ, ਬੰਨਾਂ ਦੀ ਮਜ਼ਬੂਤੀ, ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਵੱਡੀ ਪੱਧਰ ‘ਤੇ ਪਿਛਲੇ ਦੋ ਦਿਨਾਂ ਤੋਂ ਰਾਹਤ ਕਾਰਜ ਆਰੰਭੇ ਗਏ ਹਨ ਅਤੇ ਲੋੜਵੰਦ ਲੋਕਾਂ ਲਈ ਰਾਹਤ ਕੈਂਪਾਂ ਦਾ ਪ੍ਰਬੰਧ ਕੀਤਾ ਗਿਆ। ਇਸ ਜਾਣਕਾਰੀ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੌਰ ਨੇ ਅੱਜ ਦਰਿਆ ਸਤਲੁਜ ‘ਤੇ ਬਣੇ ਧੁੱਸੀ ਬੰਨ੍ਹ ਉੱਤੇ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੀਤੇ ਵਿਸ਼ੇਸ ਦੌਰੇ ਦੌਰਾਨ ਦਿੱਤੀ।ਇਸ ਮੌਕੇ ਐੱਸ. ਐੱਸ. ਪੀ. ਤਰਨ ਤਾਰਨ ਸ੍ਰੀ ਗੁਰਮੀਤ ਸਿੰਘ ਚੌਹਾਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਉਹਨਾਂ ਦੇ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ 07 ਥਾਵਾਂ ‘ਤੇ ਰਾਹਤ ਕੈਂਪ ਬਣਾਏ ਗਏ ਹਨ, ਜਿਥੇ ਉਨ੍ਹਾਂ ਨੂੰ ਖਾਣਾ, ਦਵਾਈਆਂ, ਪਸ਼ੂਆਂ ਦਾ ਚਾਰਾ, ਤਰਪਾਲਾਂ ਆਦਿ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੁਪਹਿਰ 01 ਵਜੇ ਤੱਕ ਹਰੀਕੇ ਹੈੱਡਵਰਕਸ ਵਿੱਚ 2,11,804 ਕਿਊਸਿਕ ਚੱਲ ਰਿਹਾ ਸੀ ਅਤੇ ਅਜੇ ਪਿਛੋਂ ਹੋਰ ਪਾਣੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਿਥੇ ਲੋਕ ਪਾਣੀ ਵਿੱਚ ਘਿਰ ਗਏ ਹਨ ਉਨ੍ਹਾਂ ਨੂੰ ਬਾਹਰ ਕੱਢਣ ਲਈ ਜੰਗੀ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਸੁਰੱਖਿਅਤ ਥਾਵਾਂ `ਤੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਿਆ ਦੇ ਪਾਣੀ ਦੇ ਵਹਾਅ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦਰਿਆ ਦੀ ਮਾਰ ਹੇਠ ਆਉਂਦੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ, ਪਸ਼ੂਆਂ ਸਮੇਤ ਸੁਰੱਖਿਅਤ ਸਥਾਨਾਂ ‘ਤੇ ਪਹੁੰਚਣ, ਜਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਸਹੂਲਤ ਲਈ ਰਾਹਤ ਕੈਂਪ ਬਣਾਏ ਗਏ ਹਨ, ਜਿਥੇ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਐੱਸ. ਐੱਸ. ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ ਹੜ੍ਹਾਂ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਆਪ ਕਮਾਂਡ ਸੰਭਾਲ ਰਹੇ ਹਨ। ਅੱਜ ਸਵੇਰੇ ਉਹਨਾਂ ਦੀ ਅਗਵਾਈ ਹੇਠ ਹੜ੍ਹਾਂ ਦੇ ਪਾਣੀ ਵਿੱਚ ਫਸੇ ਪਿੰਡ ਘੜੁੰਮ ਦੇ ਲੱਗਭੱਗ 25 ਵਿਅਕਤੀਆਂ ਨੂੰ ਕਿਸ਼ਤੀਆਂ ਰਾਹੀ ਬਾਹਰ ਕੱਡਿਆ ਗਿਆ।