ਡਿਪਟੀ ਕਮਿਸ਼ਨਰ ਸੀ੍ ਸੰਦੀਪ ਕੁਮਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਪ੍ਕਿਰਿਆ ਦਾ ਜਾਇਜ਼ਾ

  • ਜ਼ਿਲਾ ਚੋਣ ਅਫ਼ਸਰ ਨੇ ਤਹਿਸੀਲ ਕੰਪਲੈਕਸ, ਨਗਰ ਕੌਸ਼ਲ ਦਫ਼ਤਰ ਅਤੇ ਬਿਰਧ ਘਰ ਵਿਖੇ ਪਹੁੰਚ ਕੇ ਲੋਕਾਂ ਨੂੰ ਵੋਟਾਂ ਬਣਾਉਣ ਲਈ ਕੀਤਾ ਪੇ੍ਰਿਤ
  • 29 ਫਰਵਰੀ ਤੱਕ ਕਰਵਾਈ ਜਾ ਸਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਲਈ ਰਜਿਸਟਰੇਸ਼ਨ-ਜ਼ਿਲਾ ਚੋਣ ਅਫ਼ਸਰ

ਤਰਨ ਤਾਰਨ, 15 ਜਨਵਰੀ : ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਸੰਦੀਪ ਕੁਮਾਰ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਪ੍ਕਿਰਿਆ ਦਾ ਜਾਇਜਾ ਲਿਆ ਗਿਆ। ਇਸ ਦੌਰਾਨ ਉਹਨਾਂ ਤਹਿਸੀਲ ਕੰਪਲੈਕਸ ਤਰਨ ਤਾਰਨ, ਨਗਰ ਕੌਸ਼ਲ ਦਫ਼ਤਰ ਤਰਨ ਤਾਰਨ  ਅਤੇ ਬਿਰਧ ਘਰ ਵਿਖੇ ਪਹੁੰਚ ਕੇ ਹਾਜ਼ਰ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਵੋਟਾਂ ਬਣਾਉਣ ਲਈ ਪੇ੍ਰਿਤ ਕੀਤਾ|ਇਸ ਦੌਰਾਨ ਉਨ੍ਹਾਂ ਨੇ ਪਟਵਾਰੀਆਂ ਅਤੇ ਹੋਰ ਸਬੰਧਿਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵੋਟਰ ਰਜਿਸਟਰੇਸ਼ਨ ਦੇ ਕੰਮ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ। ਡਿਪਟੀ ਕਮਿਸ਼ਨਰ  ਨੇ ਦੱਸਿਆ ਕਿ ਐੱਸ.ਜੀ.ਪੀ.ਸੀ. ਚੋਣਾਂ ਤਹਿਤ ਵੋਟਾਂ ਦੀ ਰਜਿਸਟਰੇਸ਼ਨ ਦਾ ਕੰਮ 29 ਫਰਵਰੀ, 2024 ਤੱਕ ਚੱਲੇਗਾ।  ਉਨ੍ਹਾਂ ਸਬੰਧਿਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਫਾਰਮ ਜਮ੍ਹਾਂ ਕਰਵਾਉਣ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪਟਵਾਰੀਆਂ ਅਤੇ ਹੋਰ ਸਬੰਧਤ ਕਰਮਚਾਰੀਆਂ ਨੂੰ ਸਾਰੇ ਪਿੰਡਾਂ/ਮੁਹੱਲਿਆਂ ਵਿੱਚ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਯੋਗ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ।  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਐੱਸ.ਡੀ.ਐੱਮਜ਼ ਅਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ  ਵੀ ਨਿਯਮਤ ਤੌਰ ’ਤੇ ਇਸ ਪ੍ਰਕਿਰਿਆ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਜੇਕਰ ਵੋਟਰਾਂ ਨੂੰ ਆਪਣੀ ਵੋਟ ਰਜਿਸਟਰਡ ਕਰਾਉਣ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਜਾਂ ਉਨ੍ਹਾਂ ਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪ ਲਾਈਨ ਨੰਬਰ 1800-180-1852 ਜਾਂ ਚੋਣ ਕਮਿਸ਼ਨ ਦੇ ਹੈਲਪ ਲਾਈਨ ਨੰਬਰ 1950 ਉੱਪਰ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਦਿਹਾਤੀ ਖੇਤਰ ਦੇ ਵੋਟਰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰਡ ਕਰਨ ਲਈ ਫਾਰਮ ਪਟਵਾਰੀਆਂ ਪਾਸ ਜਮ੍ਹਾਂ ਕਰਵਾ ਸਕਦੇ ਹਨ ਅਤੇ ਸ਼ਹਿਰੀ ਖੇਤਰ ਵਿੱਚ ਨਗਰ ਕੌਂਸਲ ਜਾਂ ਸਥਾਨਕ ਅਥਾਰਟੀ ਦੇ ਕਰਮਚਾਰੀ ਜਿਨ੍ਹਾਂ ਨੂੰ ਸਬੰਧਿਤ ਖੇਤਰ ਦੀ ਸੋਧ ਅਥਾਰਟੀ ਵਲੋਂ ਨਾਮਜ਼ਦ ਕੀਤਾ ਗਿਆ ਹੈ ਪਾਸ ਫਾਰਮ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਫਾਰਮ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ https://tarntaran.nic.in/ ’ਤੇ ਵੀ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਯੋਗ ਵੋਟਰ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰਕੇ ਆਪਣੇ ਪਟਵਾਰੀ ਪਾਸ ਨਿਰਧਾਰਿਤ ਸਮੇਂ ਅੰਦਰ ਜਮ੍ਹਾਂ ਕਰਵਾਏ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਸ.ਜੀ.ਪੀ.ਸੀ. ਚੋਣ ਪ੍ਰਕਿਰਿਆ ਸਬੰਧੀ ਵੋਟਰ ਸੂਚੀਆਂ ਦੀ ਤਿਆਰੀ ਅਤੇ ਛਪਾਈ ਦਾ ਕੰਮ 01 ਮਾਰਚ, 2024 ਤੋਂ 20 ਮਾਰਚ, 2024 ਤੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 21 ਮਾਰਚ, 2024 ਨੂੰ ਮੁੱਢਲੀ ਈ-ਰੋਲ ਪ੍ਰਕਾਸ਼ਿਤ ਕੀਤੀ ਜਾਵੇਗੀ।  ਉਨ੍ਹਾਂ ਅੱਗੇ ਦੱਸਿਆ ਕਿ 11 ਅਪ੍ਰੈਲ, 2024 ਤੱਕ ਦਾਅਵੇ ਅਤੇ ਇਤਰਾਜ਼ ਜਮ੍ਹਾ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 3 ਮਈ, 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸੀ੍ ਸਿਮਰਨਦੀਪ ਸਿੰਘ, ਕਾਰਜ ਸਾਧਕ ਅਫ਼ਸਰ ਤਰਨ ਤਾਰਨ ਸੀ੍ ਕਮਲਜੀਤ ਸਿੰਘ ਅਤੇ ਚੋਣ ਕਾਨੂੰਨਗੋ ਦਿਲਬਾਗ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ|