ਡਿਪਟੀ ਕਮਿਸ਼ਨਰ ਵੱਲੋਂ ਦਰਿਆ ਸਤਲੁਜ ‘ਤੇ ਬਣੇ ਧੁੱਸੀ ਬੰਨ੍ਹ ਦੇ ਸੰਵੇਦਨਸ਼ੀਲ ਪੁਆਇੰਟਾਂ ਉੱਤੇ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ

  • ਪਾਣੀ ਵਿੱਚ ਘਿਰੇ ਲੋਕਾਂ ਨੰੁ ਐੱਨ. ਡੀ. ਆਰ. ਐੱਫ਼. ਟੀਮਾਂ ਦੇ ਸਹਿਯੋਗ ਨਾਲ ਬਾਹਰ ਕੱਢਕੇ ਸੁਰੱਖਿਅਤ ਥਾਵਾਂ `ਤੇ ਪਹੁੰਚਾਇਆ ਗਿਆ
  • ਨੀਵੇਂ ਇਲਾਕਿਆਂ ਅਤੇ ਬਹਿਕਾਂ ਵਿੱਚ ਬੈਠੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਆਉਣ ਦੀ ਕੀਤੀ ਅਪੀਲ
  • ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਣਾਏ ਗਏ 07 ਰਾਹਤ ਕੇਂਦਰ

ਤਰਨ ਤਾਰਨ, 18 ਅਗਸਤ : ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੌਰ ਵੱਲੋਂ ਅੱਜ ਦਰਿਆ ਸਤਲੁਜ ‘ਤੇ ਬਣੇ ਧੁੱਸੀ ਬੰਨ੍ਹ ਦੇ ਸੰਵੇਦਨਸ਼ੀਲ ਪੁਆਇੰਟਾਂ ਉੱਤੇ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ ਦੌਰਾ ਕੀਤਾ ਗਿਆ।ਇਸ ਮੌਕੇ ਐੱਸ. ਡੀ. ਐੱਮ. ਪੱਟੀ ਸ੍ਰੀ ਵਿਪਨ ਭੰਡਾਰੀ, ਐਕਸੀਅਨ ਡਰੇਨੇਜ਼ ਸ੍ਰੀ ਵਿਸ਼ਾਲ ਮਹਿਤਾ ਅਤੇ ਤਹਿਸੀਲਦਾਰ ਸ੍ਰੀ ਪਵਨ ਕੁਮਾਰ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਤੇ ਨੇੜਲੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਦਰਿਆ ਵਿੱਚ ਪਾਣੀ ਦੇ ਵਹਾਅ ਵਿੱਚ ਵਾਧਾ ਹੋਇਆ ਹੈ।ਉਹਨਾਂ ਦੱਸਿਆ ਕਿ ਸ਼ਾਮ 06 ਵਜੇ ਤੱਕ ਹਰੀਕੇ ਹੈੱਡਵਰਕਸ ਵਿੱਚ ਅੱਪ ਸਟਰੀਮ 2,56,123 ਕਿਊਸਿਕ ਅਤੇ ਡਾਊਨ ਸਟਰੀਮ 2,41,709 ਕਿਊਸਿਕ ਪਾਣੀ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ, ਜਿਥੇ ਲੋਕ ਪਾਣੀ ਵਿੱਚ ਘਿਰ ਗਏ ਹਨ ਉਨ੍ਹਾਂ ਐੱਨ. ਡੀ. ਆਰ. ਐੱਫ਼. ਟੀਮਾਂ ਦੇ ਸਹਿਯੋਗ ਨਾਲ ਬਾਹਰ ਕੱਢਕੇ ਸੁਰੱਖਿਅਤ ਥਾਵਾਂ `ਤੇ ਪਹੁੰਚਾਇਆ ਗਿਆ ਹੈ।ਉਹਨਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 07 ਰਾਹਤ ਕੇਂਦਰ ਬਣਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਨੀਵੇਂ ਇਲਾਕਿਆਂ ਅਤੇ ਬਹਿਕਾਂ ਵਿੱਚ ਬੈਠੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਸੁਰੱਖਿਅਤ ਥਾਵਾਂ ‘ਤੇ ਆ ਜਾਣ, ਕਿਉਂਕਿ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵੱਧਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਟੀਮਾਂ ਤੇ 09 ਕਿਸ਼ਤੀਆਂ ਲਗਾਤਾਰ ਕੰਮ ਕਰ ਰਹੀਆਂ ਹਨ।ਉਹਨਾਂ ਪ੍ਰਭਾਵਿਤ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਨੇੜਲੇ ਰਾਹਤ ਕੇਂਦਰਾਂ ਵਿੱਚ ਆ ਜਾਣ ਤਾਂ ਜੋ ਉਹਨਾਂ ਦੀ ਲੋੜੀਂਦੀ ਮੱਦਦ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਧੁੱਸੀ ਬੰਨ੍ਹ ਨੂੰ ਖੋਰ੍ਹਾ ਲੱਗਣ ਤੋਂ ਬਚਾਉਣ ਲਈ ਜੇ. ਸੀ. ਬੀ. ਮਸ਼ੀਨਾਂ, ਟਰਾਲੀਆਂ ਅਤੇ ਟਿੱਪਰਾਂ ਰਾਹੀਂ ਮਿੱਟੀ ਪੁਹੰਚਾਈ ਜਾ ਰਹੀ ਹੈ ਅਤੇ ਮਗਨਰੇਗਾ ਮਜ਼ਦੂਰਾਂ ‘ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਿੱਟੀ ਦੇ ਤੋੜੇ ਲਾ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।ਉਹਨਾਂ ਸਬੰਧਿਤ ਅਧਿਕਾਰੀਆਂ ਤੇ ਇਲਾਕੇ ਦੇ ਲੋਕਾਂ ਨੂੰ ਕਿਹਾ ਕਿ ਉਹ ਰਾਤ ਸਮੇਂ ਲਗਾਤਾਰ ਬੰਨ੍ਹ ‘ਤੇ ਨਿਗਰਾਨੀ ਰੱਖਣ ਤਾਂ ਜੋ ਕਿਸੇ ਅਣ-ਸੁਖਾਵੀਂ ਸਥਿਤੀ ‘ਤੇ ਸਮੇਂ ਸਿਰ ਕਾਬੂ ਪਾਇਆ ਜਾ ਸਕੇ। ਉਹਨਾਂ ਕਿਹਾ ਕਿ ਹੜ੍ਹਾਂ ਦੀ ਮਾਰ ਤੋਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਨਾਲ-ਨਾਲ ਰਾਹਤ ਕੇਂਦਰਾਂ ਵਿਚ ਰਾਸ਼ਨ, ਪੀਣ ਵਾਲਾ ਪਾਣੀ, ਦਵਾਈਆਂ  ਅਤੇ ਹੋਰ ਜ਼ਰੂਰੀ ਵਸਤਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਪਸ਼ੂ ਧਨ ਦਾ ਸਾਡੇ ਜੀਵਨ ਵਿਚ ਬਹੁਤ ਵੱਡਾ ਯੋਗਦਾਨ ਹੈ ਅਤੇ ਜਿਸ ਨੂੰ ਬਚਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਖੇਤਾਬਾੜੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਪਸ਼ੂ ਧਨ ਲਈ ਹਰਾ ਚਾਰਾ ਤੇ ਸਾਇਲੇਜ਼ ਮੁਹੱਈਆ ਕਰਵਾਇਆ ਜਾ ਰਿਹਾ ਹੈ।