ਡਿਪਟੀ ਕਮਿਸ਼ਨਰ ਵੱਲੋਂ ‘ਮੇਰਾ ਸ਼ਹਿਰ, ਮੇਰਾ ਮਾਣ’ ਮੁਹਿੰਮ ਤਹਿਤ ਸ਼ਹਿਰਾਂ ਦੀ ਸਫ਼ਾਈ ਵਿਵਸਥਾ ਨੂੰ ਠੀਕ ਕਰਨ ਦੀਆਂ ਹਦਾਇਤਾਂ ਜਾਰੀ

  • ਸ਼ਹਿਰਾਂ ਵਿਚੋਂ ਨਜ਼ਾਇਜ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਕਿਹਾ

ਗੁਰਦਾਸਪੁਰ, 13 ਜੂਨ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਨਿਗਮ ਬਟਾਲਾ ਅਤੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਨਗਰ ਨਿਗਮ ਅਤੇ ਨਗਰ ਕੌਂਸਲਾਂ ਦਾ ਫ਼ਰਜ਼ ਹੈ ਅਤੇ ਉਨ੍ਹਾਂ ਨੂੰ ਆਪਣੇ ਇਸ ਫ਼ਰਜ਼ ਦੀ ਪੂਰਤੀ ਲਈ 100 ਫੀਸਦੀ ਯਤਨ ਕਰਨੇ ਚਾਹੀਦੇ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਸ਼ਹਿਰਾਂ ਦੇ ਵਿਕਾਸ ਅਤੇ ਸਫ਼ਾਈ ਵਿਵਸਥਾ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਰੀਵਿਊ ਕਰਨ ਲਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ‘ਮੇਰਾ ਸ਼ਹਿਰ, ਮੇਰਾ ਮਾਣ’ ਮੁਹਿੰਮ ਨੂੰ ਤੇਜ਼ ਕਰਕੇ ਸ਼ਹਿਰਾਂ ਦੀ ਸਫ਼ਾਈ ਵਿੱਚ ਸ਼ਹਿਰ ਵਾਸੀਆਂ ਦਾ ਸਹਿਯੋਗ ਵੀ ਲਿਆ ਜਾਵੇ। ਉਨ੍ਹਾਂ ਕਿਹਾ ਕਿ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਦੀ ਡੋਰ-ਟੂ-ਡੋਰ ਕੁਲੈਕਸ਼ਨ ਨੂੰ ਵਧਾਇਆ ਜਾਵੇ ਅਤੇ ਇਸ ਕੂੜੇ ਦਾ ਸਹੀ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਿੱਲੇ ਕੂੜੇ ਤੋਂ ਬਣ ਰਹੀ ਦੇਸੀ ਖਾਦ ਨੂੰ ਲੋਕਾਂ ਵਿੱਚ ਵੇਚ ਕੇ ਨਗਰ ਕੌਂਸਲਾਂ ਦੀ ਆਮਦਨ ਵਧਾਈ ਜਾਵੇ। ਡਿਪਟੀ ਕਮਿਸ਼ਨਰ ਨੇ ਈ.ਓਜ਼ ਸਮੇਤ ਸੈਨਟਰੀ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਰੋਜ਼ਾਨਾਂ ਸਵੇਰੇ ਸਫ਼ਾਈ ਕਰਮੀਆਂ ਦੀ ਹਾਜ਼ਰੀ ਚੈੱਕ ਕਰਨ ਦੇ ਨਾਲ ਸਫ਼ਾਈ ਵਿਵਸਥਾ ਦਾ ਨਿੱਜੀ ਪੱਧਰ ’ਤੇ ਜਾਇਜਾ ਲੈਣ। ਇਸ ਤੋਂ ਇਲਾਵਾ ਬਰਸਾਤੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਰਾਂ ਵਿੱਚੋਂ ਲੰਗਦੇ ਨਿਕਾਸੀ ਨਾਲਿਆਂ ਦੀ ਸਫ਼ਾਈ, ਸੀਵਰੇਜ ਦੀ ਬਲਾਕੇਜ ਨੂੰ ਠੀਕ ਕਰਨ ਅਤੇ ਨੀਵੇਂ ਇਲਾਕਿਆਂ ਵਿੱਚ ਲੋੜੀਂਦੇ ਪ੍ਰਬੰਧ ਕਰ ਲਏ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰਾਂ ਦੇ ਬਜ਼ਾਰਾਂ ਅਤੇ ਸੜਕਾਂ ਕਿਨਾਰੇ ਹੋਏ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਅਤੇ ਜਿਹੜੇ ਦੁਕਾਨਦਾਰ ਜਾਂ ਵਿਅਕਤੀ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਆਪਣੇ ਨਜ਼ਾਇਜ ਕਬਜ਼ੇ ਨਹੀਂ ਹਟਾ ਰਹੇ ਹਨ ਉਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਸੀਵਰੇਜ ਅਤੇ ਜਲ ਸਪਲਾਈ ਦੇ ਕੁਨੈਕਸ਼ਨ ਰੈਗੂਲਰ ਕੀਤੇ ਜਾਣ ਅਤੇ 100 ਫੀਸਦੀ ਪ੍ਰਾਪਰਟੀ ਟੈਕਸ ਇਕੱਤਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਸਰਕਾਰੀ ਇਮਾਰਤਾਂ, ਬਿਜਲੀ ਅਤੇ ਸਟਰੀਟ ਲਾਈਟਾਂ ਦੇ ਖੰਬਿਆਂ ਉੱਪਰ ਬਿਨ੍ਹਾਂ ਮਨਜ਼ੂਰੀ ਲੱਗੇ ਸਾਰੇ ਹੋਰਡਿੰਗਜ਼ ਉਤਾਰੇ ਜਾਣ ਅਤੇ ਕੇਵਲ ਨਿਰਧਾਰਤ ਥਾਵਾਂ ਉੱਪਰ ਹੀ ਐਡਵਰਟਾਈਜ਼ਮੈਂਟ ਕਰਵਾ ਕੇ ਨਗਰ ਕੌਂਸਲਾਂ ਦੀ ਆਮਦਨ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਹਰ ਹਫ਼ਤੇ ਗਊ ਟੈਕਸ ਇਕੱਠਾ ਕਰਕੇ ਜਮ੍ਹਾਂ ਕਰਵਾਇਆ ਜਾਵੇ ਤਾਂ ਜੋ ਸਰਕਾਰੀ ਗਊਸ਼ਾਲਾ ਵਿੱਚ ਗਊ ਵੰਸ਼ ਦੀ ਸੇਵਾ ਕੀਤੀ ਜਾ ਸਕੇ। ਮੀਟਿੰਗ ਦੌਰਾਨ ਨਗਰ ਨਿਗਮ ਬਟਾਲਾ ਅਤੇ ਨਗਰ ਕੌਂਸਲਾਂ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਅਤੇ ਹੋਰ ਕੰਮਾਂ ਦੀ ਵਿਸਥਾਰ ਵਿੱਚ ਸਮੀਖਿਆ ਕੀਤੀ ਗਈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਕਮਿਸ਼ਨਰ ਨਗਰ ਨਿਗਮ ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ ਅਤੇ ਸਮੂਹ ਨਗਰ ਕੌਂਸਲਾਂ ਦੇ ਈ.ਓਜ਼ ਤੇ ਹੋਰ ਸਟਾਫ਼ ਵੀ ਹਾਜ਼ਰ ਸੀ।