ਰਾਜ ਪੱਧਰੀ ਖੇਡਾਂ ਵਿਚ ਖਿਡਾਰੀਆਂ ਲਈ ਕੀਤੇ ਬਾਕਮਾਲ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਖੇਡ ਅਫਸਰ ਦੀ ਕੀਤੀ ਸਰਾਹਨਾ

  • 17 ਤੋਂ 22 ਅਕਤੂਬਰ ਤੱਕ ਤਰਨਤਾਰਨ ਵਿਚ ਕਰਵਾਏ ਗਏ ਸਨ ਰਾਜ ਪੱਧਰੀ ਰੈਸਲਿੰਗ ਮੁਕਾਬਲੇ

ਤਰਨਤਾਰਨ, 26 ਅਕਤੂਬਰ : ਹਾਲ ਹੀ ਵਿਚ ਤਰਨਤਾਰਨ ਵਿਖੇ ਕਰਵਾਏ ਗਏ ਰਾਜ ਪੱਧਰੀ ਰੈਸਲਿੰਗ ਮੁਕਾਬਲੇ ਜਿਨਾ ਵਿਚ ਕਰੀਬ 2500 ਦੇ ਕਰੀਬ ਖਿਡਾਰੀਆਂ ਤੇ ਪ੍ਰਬੰਧਕਾਂ ਨੇ ਭਾਗ ਲਿਆ ਸੀ, ਦੇ ਆਉਣ-ਜਾਣ, ਠਹਿਰਣ ਤੇ ਖਾਣੇ ਦੇ ਕੀਤੇ ਗਏ ਸੁਚਾਰੂ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਜਿਲ੍ਹਾ ਖੇਡ ਅਧਿਕਾਰੀ ਸ੍ਰੀਮਤੀ ਸਤਵੰਤ ਕੌਰ ਦੀ ਹੌਸਲਾ ਅਫਜ਼ਾਈ ਕਰਦੇ ਸਾਬਾਸ਼ ਦਿੱਤੀ। ਅੱਜ ਉਲੰਪਿਕ ਐਸੋਸੀਏਸ਼ਨ ਦੀ ਮੀਟਿੰਗ ਵਿਚ ਬੋਲਦੇ ਡਿਪਟੀ ਕਮਿਸ਼ਨਰ ਨੇ ਸਾਰੇ ਹਾਜ਼ਰ ਮੈਂਬਰਾਂ ਨੂੰ ਦੱਸਿਆ ਕਿ 17 ਅਕਤੂਬਰ ਤੋਂ 22 ਅਕਤੂਬਰ ਤੱਕ ਤਰਨਤਾਰਨ ਜਿਲ੍ਹੇ ਨੇ ਪੰਜਾਬ ਰਾਜ ਖੇਡਾਂ ਵਿਚ ਰੈਸਲਿੰਗ ਦੀ ਮੇਜ਼ਬਾਨੀ ਕੀਤੀ, ਜਿਸ ਵਿਚ 14 ਸਾਲ ਤੋਂ ਲੈ ਕੇ 65 ਸਾਲ ਤੱਕ ਦੇ ਉਮਰ ਵਰਗਾਂ ਵਿਚ ਖਿਡਾਰੀਆਂ ਤੇ ਖਿਡਾਰਨਾਂ ਨੇ ਭਾਗ ਲਿਆ। ਉਨਾਂ ਦੱਸਿਆ ਕਿ ਇੰਨਾ ਮੁਕਾਬਿਲਆਂ ਵਿਚ ਰਾਜ ਭਰ ਤੋਂ 600 ਲੜਕੀਆਂ ਤੇ 1700 ਤੋਂ ਵੱਧ ਲੜਕੇ ਵੱਖ-ਵੱਖ ਉਮਰ ਵਰਗਾਂ ਵਿਚ ਭਾਗ ਲੈਣ ਲਈ ਤਰਨਤਾਰਨ ਆਏ । ਉਨਾਂ ਦੱਸਿਆ ਕਿ ਐਸ ਡੀ ਐਮ ਤਰਨਤਾਰਨ ਸਮੁੱਚੇ ਪ੍ਰਬੰਧ ਵੇਖ ਰਹੇ ਸਨ ਤੇ ਖੇਡ ਅਧਿਕਾਰੀ ਵੱਲੋਂ ਖ਼ਿਡਾਰੀਆਂ ਦੇ ਆਉਣ-ਜਾਣ, ਠਹਿਰਣ, ਖਾਣੇ ਆਦਿ ਦੇ ਸਮੁੱਚੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾਈ ਗਈ। ਉਨਾਂ ਦੱਸਿਆ ਕਿ ਖੇਡਾਂ ਮੌਕੇ ਸਟੇਡੀਅਮ ਦੀ ਸਾਫ-ਸਫਾਈ, ਬਾਥਰੂਮਾਂ ਦੀ ਸਫਾਈ, ਖਾਣੇ ਦੀ ਗੁਣਵਤਾ, ਠਹਿਰਨ ਲਈ ਸਾਫ-ਸੁਥਰੇ ਸਾਰੇ ਪ੍ਰਬੰਧ ਮੈਂ ਖ਼ੁਦ ਵੇਖਦਾ ਰਿਹਾ, ਜੋ ਕਿ ਕਾਬਲ ਏ ਤਾਰੀਫ਼ ਸੀ। ਉਨਾਂ ਕਿਹਾ ਕਿ ਇੰਨਾ ਪ੍ਰਬੰਧਾਂ ਦੀ ਗੱਲ ਰਾਜ ਪੱਧਰ ਉਤੇ ਖੇਡ ਵਿਭਾਗ ਵਿਚ ਚੱਲੀ, ਜਿਸ ਨਾਲ ਸਾਡੇ ਜਿਲ੍ਹੇ ਦਾ ਮਹਿਮਾਨ ਨਿਵਾਜੀ ਲਈ ਸਿਰ ਉਚਾ ਹੋਇਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਇਥੇ ਖੇਡ ਕੇ ਗਏ ਸਾਰੇ ਖ਼ਿਡਾਰੀ ਤੇ ਆਏ ਪ੍ਰਬੰਧਕ ਇਸ ਮਹਿਮਾਨ ਨਿਵਾਜੀ ਨੂੰ ਸਦਾ ਯਾਦ ਰੱਖਣਗੇ ਤੇ ਜਦ ਕਦੇ ਉਨਾਂ ਨੂੰ ਆਪਣੇ ਜਿਲ੍ਹੇ ਵਿਚ ਖਿਡਾਰੀਆਂ ਦੀ ਆਉ-ਭਗਤ ਕਰਨ ਦਾ ਮੌਕਾ ਮਿਲਿਆ ਤਾਂ ਜ਼ਰੂਰ ਅੱਗੇ ਹੋ ਕੇ ਕੰਮ ਕਰਨਗੇ।