ਸਿਹਤ ਵਿਭਾਗ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ

  • ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

ਗੁਰਦਾਸਪੁਰ, 10 ਅਕਤੂਬਰ : ਸਿਹਤ ਵਿਭਾਗ ਵੱਲੋਂ ਅੱਜ ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤਜਿੰਦਰ ਕੌਰ, ਡੀ.ਅੱਚ.ਓ. ਡਾ. ਸਵਿਤਾ, ਡੀ.ਡੀ.ਐੱਚ.ਓ. ਡਾ ਲੋਕੇਸ਼, ਡਾ. ਚੇਤਨਾ, ਡਾ. ਪ੍ਰਭਜੋਤ ਕਲਸੀ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਚੰਗੀ ਸਿਹਤ ਹਮੇਸ਼ਾ ਦਵਾਈ ਤੋਂ ਨਹੀਂ ਆਉਂਦੀ ਬਲਕਿ ਜ਼ਿਆਦਾਤਰ ਇਹ ਦਿਲ ਅਤੇ ਦਿਮਾਗ ਵਿੱਚ ਸ਼ਾਂਤੀ ਅਤੇ ਪਿਆਰ ਨਾਲ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚ ਦਿਮਾਗੀ ਸੰਤੁਲਨ ਠੀਕ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਤੰਦਰੁਸਤ ਦਿਮਾਗ ਤੰਦਰੁਸਤ ਸਰੀਰ ਦੀ ਨਿਸ਼ਾਨੀ ਹੁੰਦੀ ਹੈ ਅਤੇ ਤੰਦਰੁਸਤ ਦਿਮਾਗ ਹੀ ਤੰਦਰੁਸਤ ਸਮਾਜ ਅਤੇ ਤੰਦਰੁਸਤ ਵਿਚਾਰਾਂ ਦੀ ਸਿਰਜਣਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਤਨਾਅ ਹਰ ਵਰਗ ਦੇ ਲੋਕਾਂ ਵਿੱਚ ਵੇਖਣ ਨੂੰ ਮਿਲਦਾ ਹੈ ਅਤੇ ਇਸ ਤੋਂ ਬਾਹਰ ਨਿਕਲਣ ਲਈ ਜਰੂਰੀ ਹੈ ਕਿ 6-7 ਘੰਟੇ ਨੀਂਦ ਪੂਰੀ ਲਈ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਦਿਨ ਵਿੱਚ ਕੁਝ ਸਮਾਂ ਆਪਣੇ ਲਈ ਵੀ ਕੱਢਣਾ ਚਾਹੀਦਾ ਹੈ। ਇਸ ਮੌਕੇ ਡਾ. ਜੋਤੀ ਕੌਂਸਲਰ ਓਟ ਸੈਂਟਰ ਸਿਵਲ ਹਸਪਤਾਲ ਗੁਰਦਾਸਪੁਰ ਨੇ ਦਿਮਾਗੀ ਸਿਹਤ ਬਾਰੇ ਵਿਸਥਾਰ ਵਿੱਚ ਲੈਕਚਰ ਦਿੱਤਾ ਅਤੇ ਸਮੂਹ ਸਟਾਫ਼ ਨੂੰ ਤਣਾਅ ਦੂਰ ਕਰਨ ਲਈ ਗਤੀਵਿਧੀਆਂ ਕਰਵਾਈਆਂ।a