ਪੀਐਸਪੀਸੀਐਲ ਦੇ ਸ਼ਿਕਾਇਤ ਕੇਂਦਰ ਦਾ ਰੱਖਿਆ ਨੀਂਹ ਪੱਥਰ, 25 ਲੱਖ ਰੁਪਏ ਆਵੇਗਾ ਖਰਚ

ਅੰਮ੍ਰਿਤਸਰ, 7 ਜੂਨ : ਪੰਜਾਬ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜਦੀਕ ਹੀ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਦੂਰ ਦੁਰਾਡੇ ਜਾ ਕੇ ਆਪਣਾ ਸਮਾਂ ਅਤੇ ਪੈਸਾ ਨਾ ਖਰਾਬ ਕਰਨਾ ਪਵੇ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰ ਹਰਭਜਨ ਸਿੰਘ ਈ:ਟੀ:ਓ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਨੇ ਭਗਵਾਨ ਵਾਲਮੀਕਿ ਚੌਂਕ ਜੰਡਿਆਲਾ ਗੁਰੂ ਵਿਖੇ ਸਥਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸ਼ਿਕਾਇਤ ਕੇਂਦਰ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ।  ਬਿਜਲੀ ਮੰਤਰੀ  ਨੇ ਕਿਹਾ ਕਿ ਇਸ ਕਾਰਜ ਨੂੰ ਮੁਕੰਮਲ ਕਰਨ ਤੇ ਤਕਰੀਬਨ 25 ਲੱਖ ਰੁਪਏ ਦਾ ਖਰਚ ਆਵੇਗਾ ਅਤੇ ਤਿੰਨ ਮਹੀਨੇ ਵਿੱਚ ਇਸ ਨੂੰ ਮੁਕੰਮਲ ਕਰਕੇ ਖਪਤਕਾਰਾਂ ਦੇ ਸਪੁਰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਸ਼ਹਿਰ ਦੀਆਂ ਸਾਰੀਆਂ ਬਿਜਲੀ ਨਾਲ ਸਬੰਧਤ ਸ਼ਿਕਾਇਤਾਂ ਸੁਣਨ ਲਈ ਤਕਨੀਕੀ ਸਟਾਫ ਤਿੰਨ ਸ਼ਿਫਟਾਂ ਵਿੱਚ ਇਸ ਸ਼ਿਕਾਇਤ ਕੇਂਦਰ ’ਤੇ ਉਪਲਬੱਧ ਹੋਵੇਗਾ। ਇਸ ਤੋਂ ਪਹਿਲਾਂ ਮੰਤਰੀ ਵੱਲੋਂ ਜੰਡਿਆਲਾ ਗੁਰੂ ਸ਼ਹਿਰ ਦੇ ਲੋਕਾਂ ਦੀ ਸਹੂਲਤ ਲਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਸੁਵਿਧਾ ਕੇਂਦਰ ਉਸਾਰੀ ਸ਼ੁਰੂ ਕਰਵਾਈ ਗਈ ਸੀ ਜੋ ਕਿ ਥੋੜੇ ਸਮੇਂ ਵਿੱਚ ਹੀ ਆਮ ਖਪਤਕਾਰਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਮੌਕੇ ਇੰਜੀਨੀਅਰ ਇਲ ਚੀਫ ਰੁਪਿੰਦਰਜੀਤ ਸਿੰਘ ਰੰਧਾਵਾ ਬਾਰਡਰ ਜੋਨ ਅੰਮ੍ਰਿਤਸਰ, ਇੰਜੀਨੀਅਰ ਐਸ:ਪੀ:ਸੌਂਧੀ, ਨਿਗਰਾਨ ਇੰਜੀਨੀਅਰ ਸਬ ਅਰਬਨ ਹਲਕਾ ਅੰਮ੍ਰਿਤਸਰ, ਇੰਜੀਨੀਅਰ ਮਨਿੰਦਰਪਾਲ ਸਿੰਘ ਵਧੀਕ ਨਿਗਰਾਨ ਇੰਜੀਨੀਅਰ, ਜੰਡਿਆਲਾ ਗੁਰੂ ਮੰਡਲ, ਸ੍ਰ ਸਤਿੰਦਰ ਸਿੰਘ, ਸ੍ਰ ਸੁਖਵਿੰਦਰ ਸਿੰਘ, ਸ੍ਰੀ ਸਰਬਜੀਤ ਡਿੰਪੀ, ਸੁਨੈਣਾ ਰੰਧਾਵਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।