ਫ਼ਸਲੀ ਵਿਭਿੰਨਤਾ ਅਤੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਵਿੱਚ ਸਹਾਈ ਹੋ ਸਕਦੀ ਹੈ ਮੂਲ ਅਨਾਜ਼ਾਂ ਦੀ ਖੇਤੀ-ਡਿਪਟੀ ਕਮਿਸ਼ਨਰ

  • ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਮੂਲ ਅਨਾਜਾਂ ਦੀ ਖੇਤੀ ਕਰਨ ਨੂੰ ਤਰਜੀਹ ਦੇਣ ਕੀਤੀ ਅਪੀਲ

ਤਰਨ ਤਾਰਨ, 21 ਜੁਲਾਈ : ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਕਿਸਾਨ ਆਪਣੇ ਮੂਲ ਅਨਾਜ ਛੱਡ ਕੇ ਸਿਰਫ਼ ਕਣਕ ਅਤੇ ਝੋਨੇ ਦੀ ਵੱਧ ਪੈਦਾਵਾਰ ਦੇ ਚੱਕਰ ਵਿਚ ਪੈਅ ਗਏ। ਪੰਜਾਬ ਦੇ ਉਹ ਮੂਲ ਅਨਾਜ ਜੋ ਜ਼ਿਆਦਾ ਪ੍ਰੋਟੀਨ ਅਤੇ ਰੇਸ਼ੇ ਨਾਲ ਭਰਪੂਰ ਹਨ, ਉਨ੍ਹਾਂ ਨੂੰ ਉਗਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਬਜ਼ੁਰਗਾਂ ਵਾਂਗ ਚੰਗੀ ਸਿਹਤ ਬਰਕਰਾਰ ਰਹਿ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਪੰਜਾਬ ਦੇ 6 ਮੂਲ ਅਨਾਜ ਕੰਗਣੀ, ਕੋਧਰਾ, ਹਰੀ ਕੰਗਣੀ, ਕੁਟਕੀ, ਸਵਾਂਕ ਅਤੇ ਰਾਗੀ ਹਨ। ਪਹਿਲਾਂ ਲੋਕ ਇਨ੍ਹਾਂ ਵਿੱਚ ਹੋਰ-ਹੋਰ ਅਨਾਜ ਮਿਲਾਕੇ ਬੇਰੜੇ (ਜੋ ਕਈ ਅਨਾਜਾਂ ਨੂੰ ਰਲਾ ਕੇ ਬਣਦਾ ਹੈ) ਦੀ ਰੋਟੀ ਖਾਇਆ ਕਰਦੇ ਸਨ । ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਣਕ ਦੇ ਆਟੇ ਵਿਚ ਬਾਕੀ ਅਨਾਜਾਂ ਨੂੰ ਮਿਲਾਕੇ ਖਾਣਾ ਚਾਹੀਦਾ ਹੈ। ਇਨ੍ਹਾਂ ਮੂਲ ਅਨਾਜਾਂ ਵਿੱਚ ਪੌਸ਼ਟਿਕ ਤੱਤ ਕਣਕ ਦੇ ਮੁਕਾਬਲੇ ਵੱਧ ਹਨ।ਇਸ ਨਾਲ ਅਨਾਜ ਦੀ ਪੌਸ਼ਟਿਕਤਾ ਬਰਕਰਾਰ ਰਹੇਗੀ । ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਤਰਨ ਤਾਰਨ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਅਤੇ ਝੋਨੇ ਦੇ ਫਸਲੀ ਚੱਕਰ ‘ਚੋ ਨਿਕਲ ਕੇ ਮੂਲ ਅਨਾਜਾਂ ਦੀ ਕੇਤੀ ਕਰਨ ਨੂੰ ਤਰਜੀਹ ਦੇਣ।ਉਹਨਾਂ ਕਿਹਾ ਕਿ ਮੂਲ ਅਨਾਜ਼ਾਂ ਦੀ ਖੇਤੀ ਫ਼ਸਲੀ ਵਿਭਿੰਨਤਾ ਅਤੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਵਿੱਚ ਸਹਾਈ ਹੋ ਸਕਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਕਟਰ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖਡੂਰ ਸਾਹਿਬ ਸਿੰਘ ਨੇ ਦੱਸਿਆ ਕਿ ਮੂਲ ਅਨਾਜਾਂ ਨੂੰ ਉਗਾਉਣ ਨਾਲ ਸਿਹਤ ਅਤੇ ਵਾਤਾਵਰਣ ਦੇ ਸੰਕਟ ਤੋਂ ਬਚਿਆ ਜਾ ਸਕਦਾ ਹੈ, ਕਿਉਂਕਿ ਇਹ ਅਨਾਜ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ ਅਤੇ ਵਾਤਾਵਰਨ ਦੇ ਸਬੰਧ ਵਿਚ ਵੇਖੀਏ ਤਾਂ ਇਨ੍ਹਾਂ ਅਨਾਜਾਂ ਨੂੰ ਪੈਦਾ ਕਰਨ ਵਿਚ ਪਾਣੀ ਦੀ ਬਹੁਤ ਘੱਟ ਵਰਤੋਂ ਦੇ ਨਾਲ-ਨਾਲ ਸਪ੍ਰੇਹਾਂ ਦੀ ਵਰਤੋਂ ਨਹੀਂ ਹੁੰਦੀ। ਮੂਲ ਅਨਾਜਾਂ ਦਾ ਉਪਯੋਗ ਕਰਕੇ ਸਰੀਰ ਕੋਰੋਨਾ ਅਤੇ ਅਜਿਹੀਆਂ ਹੋਰ ਬੀਮਾਰੀਆਂ ਦਾ ਸਾਹਮਣਾ ਕਰਨ ਦੇ ਯੋਗ ਹੋ ਜਾਂਦਾ ਹੈ ।
ਇਨ੍ਹਾਂ 6 ਮੂਲ ਅਨਾਜਾਂ ਦੀ ਕਾਸ਼ਤ ਕਰਨ ਦੇ ਢੰਗ
1. ਕੰਗਣੀ
 ਬਿਜਾਈ ਦਾ ਸਮਾਂ: ਅੱਧ ਅਪਰੈਲ ਤੋਂ ਅੱਧ ਮਈ ਹੈ ।
ਬੀਜ ਦੀ ਮਾਤਰਾ: ਦੋ ਕਿੱਲੋ ਪ੍ਰਤੀ ਏਕੜ
ਬਿਜਾਈ ਦਾ ਤਰੀਕਾ: ਦੋ ਕਿੱਲੋ ਬੀਜ ਵਿਚ 3 ਕਿੱਲੋ ਰੇਤ ਜਾਂ ਸੁਆਹ ਮਿਲਾ ਕੇ ਪੋਰੇ ਰਾਹੀਂ ਜਾਂ ਡਰਿੱਲ ਰਾਹੀਂ ਸਿੱਧੀ ਬਿਜਾਈ ਕਰੋ। ਬਿਜਾਈ ਜ਼ਿਆਦਾ ਡੂੰਘੀ ਨਾ ਕਰੋ। ਲਾਈਨ ਤੋਂ ਲਾਈਨ ਦਾ ਫਾਸਲਾ 2 ਫੁੱਟ ਰੱਖੋ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 6 ਇੰਚ ਰੱਖੋ ।
ਬੀਜ਼ ਉਪਚਾਰ : ਇਕ ਲੀਟਰ ਪਾਣੀ ਵਿਚ 100 ਗ੍ਰਾਮ ਦੁੱਧ ਮਿਲਾਓ ਅਤੇ ਬੀਜ ਨੂੰ ਇਸ ਵਿਚ 10 ਤੋਂ 12 ਘੰਟੇ ਭਿਉਂ ਕੇ ਰੱਖੋ। ਇਸ ਤੋਂ ਬਾਅਦ ਬੀਜ ਨੂੰ ਬਾਹਰ ਕੱਢ ਕੇ ਦੋ ਘੰਟੇ ਛਾਵੇਂ ਸੁਕਾਓ ਅਤੇ ਫਿਰ ਬਿਜਾਈ ਕਰੋ ।
ਪਾਣੀ: ਵੱਤਰ ਖੇਤ ਵਿਚ ਕੰਗਣੀ ਦੀ ਬਿਜਾਈ ਕੀਤੀ ਜਾਵੇ ਅਤੇ ਮਿੱਟੀ ਵਿਚਲੀ ਨਮੀ ਅਤੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸਿੰਚਾਈ ਕੀਤੀ ਜਾਵੇ ।
ਕਟਾਈ : ਕੰਗਣੀ ਪੱਕਣ ਲਈ 100-110 ਦਿਨ ਦਾ ਸਮਾਂ ਲੈਂਦੀ ਹੈ। ਜਦੋਂ ਛਿੱਟੇ ਰੰਗ ਬਦਲ ਜਾਣ ਉਸ ਸਮੇਂ ਉੱਪਰੋਂ ਉੱਪਰੋਂ ਕੇਵਲ ਛਿੱਟੇ ਕੱਟ ਲਵੋ ਅਤੇ ਧੁੱਪ ਲਵਾ ਕੇ ਕੁੱਟ ਕੇ ਕੱਢ ਲਵੋ। ਛਿੱਟਿਆਂ ਨੂੰ ਜ਼ਿਆਦਾ ਨਾ ਪੱਕਣ ਦਿਓ ਨਹੀਂ ਤਾਂ ਦਾਣੇ ਜ਼ਮੀਨ ਵਿਚ ਕਿਰਨੇ ਸ਼ੁਰੂ ਹੋ ਜਾਂਦੇ ਹਨ।
-ਝਾੜ: 5 ਤੋਂ 8 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ
2. ਕੋਧਰਾ
ਬਿਜਾਈ ਦਾ ਸਮਾਂ: ਮਈ ਦੇ ਪਹਿਲੇ ਹਫਤੇ ਪਨੀਰੀ ਬੀਜੋ ।
-ਬੀਜ ਦੀ ਮਾਤਰਾ: ਦੋ ਕਿੱਲੋ ਬੀਜ ਪ੍ਰਤੀ ਏਕੜ ਲਈ ਦੋ ਮਰਲੇ ਜਗ੍ਹਾ ਵਿਚ ਛੱਟਾ ਦੇ ਕੇ ਪਨੀਰੀ ਬੀਜੋ ।
-ਬੀਜ਼ ਉਪਚਾਰ : ਇਕ ਲਿਟਰ ਪਾਣੀ ਵਿਚ 100 ਗ੍ਰਾਮ ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10 ਤੋਂ 12 ਘੰਟੇ ਭਿਉਂ ਕੇ ਰੱਖੋ ।
-ਬਿਜਾਈ ਦਾ ਤਰੀਕਾ: ਪੰਦਰਾਂ ਤੋਂ ਵੀਹ ਦਿਨਾਂ ਦੀ ਪਨੀਰੀ ਨੂੰ ਪੁੱਟ ਕੇ ਵੱਤਰ ਖੇਤ ਵਿਚ 2 ×1 ਫੁੱਟ ਦੇ ਫ਼ਾਸਲੇ ਤੇ ਲਾਓ ਅਤੇ ਉੱਪਰੋਂ ਖੇਤ ਨੂੰ ਪਾਣੀ ਲਾ ਦਿਓ।
-ਪਾਣੀ: ਮਿੱਟੀ ਵਿਚਲੀ ਨਮੀ ਅਤੇ ਬਾਰਿਸ਼ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਲੋੜ ਮੁਤਾਬਕ ਸਿੰਚਾਈ ਕਰੋ।
-ਕਟਾਈ : ਕੋਧਰਾ ਇੱਕਸਾਰ ਪੱਕਦਾ ਹੈ ਇਸਦਾ ਛਿੱਟਾ ਪੱਕ ਕੇ ਗੂੜ੍ਹੇ ਭੂਰੇ ਰੰਗ ਦਾ ਹੋ ਜਾਵੇਗਾ ਪਰ ਪੌਦਾ ਹਰਾ ਹੀ ਰਹੇਗਾ, ਸੁੱਕੇਗਾ ਨਹੀਂ। ਕੋਧਰੇ ਨੂੰ ਹਮੇਸ਼ਾਂ ਖੁਸ਼ਕ ਮੌਸਮ ਵਿਚ ਕਟਾਈ ਕਰੋ ਅਤੇ ਕੱਟ ਕੇ ਕੁਝ ਦਿਨ ਖੇਤ ਪਿਆ ਰਹਿਣ ਦਿਓ। ਬਰਸਾਤ ਜਾਂ ਸਿੱਲ ਵਾਲੇ ਮੌਸਮ ਵਿਚ ਕੋਧਰੇ ਦੀ ਕਟਾਈ ਨਾ ਕਰੋ ਨਹੀਂ ਤਾਂ ਦਾਣਿਆਂ ਵਿਚ ਲੋੜ ਤੋਂ ਜ਼ਿਆਦਾ ਨਮੀ ਹੋਣ ਕਰਕੇ ਇਸ ਵਿਚ ਐਸਪਰਜਲਿਸ ਨਾਮ ਦੀ ਉੱਲੀ ਲੱਗ ਜਾਂਦੀ ਹੈ। ਕੋਧਰੇ ਨੂੰ ਝੋਨੇ ਵਾਂਗ ਕਿਸੇ ਸਖਤ ਸਤ੍ਹਾ ਜਾਂ ਡਰੰਮ ਆਦਿ ’ਤੇ ਮਾਰ ਕੇ ਝਾੜ ਸਕਦੇ ਹਾਂ ਜਾਂ ਗਾਹ ਕੇ ਵੀ ਦਾਣੇ ਕੱਢ ਸਕਦੇ ਹਾਂ। ਇਸ ਦਾ ਝਾੜ 12 ਤੋਂ 14 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ ।
3.ਹਰੀ ਕੰਗਣੀ, 4. ਕੁਟਕੀ 5. ਸਵਾਂਕ ਅਤੇ 6. ਰਾਗੀ
ਬਿਜਾਈ ਦਾ ਸਮਾਂ: ਜੂਨ ਦੇ ਪਹਿਲੇ ਹਫਤੇ ਪਨੀਰੀ ਬੀਜੋ ਅਤੇ 20 ਜੂਨ ਤੱਕ ਪੁੱਟ ਕੇ ਵੱਤਰ ਖੇਤ ਵਿਚ ਲਗਾ ਕੇ ਉਪਰੋਂ ਪਾਣੀ ਦੇ ਦਿਓ ।
-ਬੀਜ਼ ਉਪਚਾਰ :1 ਲੀਟਰ ਪਾਣੀ ਵਿਚ 100 ਗ੍ਰਾਮ ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10 ਤੋਂ 12 ਘੰਟੇ ਭਿਉਂ ਕੇ ਰੱਖੋ ।
-ਬੀਜ ਦੀ ਮਾਤਰਾ : 1 ਤੋਂ 1.5 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ ।
-ਬਿਜਾਈ ਦਾ ਤਰੀਕਾ: ਲਾਈਨ ਤੋਂ ਲਾਈਨ 2 ਫੁੱਟ ਅਤੇ ਪੌਦੇ ਤੋਂ ਪੌਦਾ 1 ਫੁੱਟ ਦਾ ਫਾਸਲਾ ਰੱਖੋ।
-ਪਾਣੀ: ਇਨ੍ਹਾਂ ਚਾਰੇ ਮੂਲ ਅਨਾਜਾਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਪੈਂਦੀ ਹੈ। ਕਿਉਂਕਿ ਇਸ ਸਮੇਂ ਤੱਕ ਬਰਸਾਤ ਦੇ ਮੌਸਮ ਦੀ ਆਮਦ ਹੋ ਚੁੱਕੀ ਹੁੰਦੀ ਹੈ। ਇਸ ਲਈ ਪਾਣੀ ਮੀਂਹ ਦਾ ਮੌਸਮ ਦੇਖ ਕੇ ਹੀ ਜ਼ਰੂਰਤ ਅਨੁਸਾਰ ਲਾਓ ।
-ਕਟਾਈ: ਹਰੀ ਕੰਗਣੀ ਪੱਕਣ ਲਈ 2.5 ਤੋਂ 3 ਮਹੀਨੇ ਲੈਂਦੀ ਹੈ ਅਤੇ ਬਾਕੀ 3 ਤੋਂ 3.5 ਮਹੀਨੇ ਵਿਚ ਪੱਕਦੇ ਹਨ। ਜਦੋਂ ਛਿੱਟੇ ਰੰਗ ਬਦਲ ਲੈਣ ਤਾਂ ਕੱਟ ਲਵੋ ਨਹੀਂ ਤਾਂ ਦਾਣੇ ਖੇਤ ਵਿਚ ਹੀ ਝੜ ਜਾਣਗੇ ।ਰਾਗੀ ਇਕ ਸਾਰ ਨਹੀਂ ਪੱਕਦੀ। ਇਸ ਦੀ ਦੋ ਵਾਰ ਕਟਾਈ ਕਰਨੀ ਪੈਂਦੀ ਹੈ ਛਿੱਟੇ ਕੱਟਣ ਤੋਂ ਬਾਅਦ ਜੋ ਟਾਂਗਰ ਬਚਦਾ ਹੈ। ਉਸ ਨੂੰ ਪਸ਼ੂਆਂ ਲਈ ਚਾਰੇ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ, ਜੋ ਇਕ ਪੌਸ਼ਟਿਕ ਚਾਰਾ ਹੈ। ਛਿੱਟਿਆਂ ਨੂੰ ਕੁੱਟ ਕੇ ਜਾਂ ਗਾਹ ਕੇ ਦਾਣੇ ਕੱਢੇ ਜਾ ਸਕਦੇ ਹਨ ।
ਝਾੜ : ਹਰੀ ਕੰਗਣੀ ਚਾਰ ਕੁਇੰਟਲ ਪ੍ਰਤੀ ਏਕੜ
ਕੁਟਕੀ 5 ਤੋਂ 6 ਕੁਇੰਟਲ ਪ੍ਰਤੀ ਏਕੜ ,ਸਵਾਂਕ 5 ਤੋਂ 6 ਕੁਇੰਟਲ ਪ੍ਰਤੀ ਏਕੜ ,ਰਾਗੀ  8 ਕੁਇੰਟਲ ਪ੍ਰਤੀ ਏਕੜ
ਬਾਜਰਾ :-  ਕਾਰਬੋਹਾਈਡਰੇਟ, ਜ਼ਰੂਰੀ ਅਮੀਨੋ ਐਸਿਡ, ਐਂਟੀਆਕਸੀਡੈਂਟ, ਥਿਆਮਿਨ, ਰਿਬੋਫਲੇਵਿਨ, ਫੋਲਿਕ ਐਸਿਡ, ਨਿਆਸੀਨ, ਬੀਟਾ ਕੈਰੋਟੀਨ, ਅਤੇ ਆਇਰਨ, ਫਾਸਫੋਰਸ, ਮੈਗਨੀਸ਼ੀਅਮ ਅਤੇ ਜ਼ਿੰਕ ਵਰਗੇ ਖਣਿਜਾਂ ਨਾਲ ਭਰਪੂਰ ਹਨ। ਬਾਜਰੇ ਨੂੰ ਦਾਣਿਆਂ ਅਤੇ ਚਾਰੇ ਦੇ ਉਦੇਸ਼ ਲਈ ਉਗਾਇਆ ਜਾਂਦਾ ਹੈ, ਪਰ ਨੇਪੀਅਰ ਅਤੇ ਹਾਥੀ ਘਾਹ ਦੀ ਖੇਤੀ ਚਾਰੇ ਦੀ ਫਸਲ ਦੇ ਤੌਰ `ਤੇ ਕੀਤੀ ਜਾਂਦੀ ਹੈ। ਇਹ ਫਸਲ ਬਾਜਰਾ ਅਤੇ ਹਾਥੀ ਘਾਹ ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਹ ਹਾਈਬ੍ਰਿਡ ਪੌਦਿਆਂ ਦੀ ਪੈਦਾਵਾਰ ਵਿੱਚ ਵਾਧਾ ਕਰਦਾ ਹੈ। ਇਹ ਪ੍ਰਜਾਤੀ ਦੇ ਚੰਗੇ ਉਤਪਾਦਨ ਦੇ ਨਾਲ-ਨਾਲ ਚੰਗੀ ਗੁਣਵੱਤਾ ਵਾਲੀ ਖਾਦ ਵੀ ਮਿਲਦੀ ਹੈ। ਰੋਪਣ ਦੇ ਬਾਅਦ, ਇਹ ਲਗਾਤਾਰ 2-3 ਸਾਲ ਝਾੜ ਦਿੰਦਾ ਹੈ   ਇਸਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਭਾਰੀ ਮਿੱਟੀ, ਜਿਸ ਵਿੱਚ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਹੋਣ, ਵਿੱਚ ਉਗਾਉਣ `ਤੇ ਵਧੀਆ ਨਤੀਜਾ ਦਿੰਦੀ ਹੈ। ਇਹ ਖਾਰੇ ਪਾਣੀ ਨੂੰ ਵੀ ਸਹਿਣਯੋਗ ਹੈ। ਨੇਪੀਅਰ ਬਾਜਰਾ ਹਾਈਬ੍ਰਿਡ ਦੀ ਖੇਤੀ ਲਈ ਜਲ-ਜਮਾਓ ਵਾਲੀ ਮਿੱਟੀ ਤੋਂ ਬਚੋ।  233: ਇਹ ਹਾਈਬ੍ਰਿਡ, ਮੁਲਾਇਮ ਅਤੇ ਚੌੜੇ-ਲੰਬੇ ਪੱਤਿਆਂ ਵਾਲੀ ਕਿਸਮ ਹੈ। ਇਸਦਾ ਔਸਤਨ ਝਾੜ 1100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।  83: ਇਹ ਜਲਦੀ ਵੱਧਣ ਵਾਲੀ ਹਾਈਬ੍ਰਿਡ ਕਿਸਮ ਹੈ ਅਤੇ ਇਸ ਨੂੰ ਫੁੱਲ ਦੇਰੀ ਨਾਲ ਲਗਦੇ ਹਨ। ਇਸਦਾ ਹਰੇ ਚਾਰੇ ਦੇ ਤੌਰ ਤੇ ਝਾੜ 961 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।  346: ਇਸਦੀ ਔਸਤਨ ਪੈਦਾਵਾਰ 715 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਸ ਕਿਸਮ ਦੇ ਪੌਦੇ ਨਰਮ, ਲੰਬੇ ਅਤੇ ਚੋੜੇ ਹੁੰਦੇ ਹਨ।
ਮਿੱਟੀ ਨੂੰ ਭੁਰਭੁਰਾ ਕਰਨ ਲਈ ਹਲ ਨਾਲ ਵਾਹੋ ਅਤੇ ਦੋ ਵਾਰ ਹੈਰੋ ਫੇਰੋ। ਵਾਹੀ ਤੋਂ ਬਾਅਦ ਸੁਹਾਗੇ ਨਾਲ ਮਿੱਟੀ ਨੂੰ ਸਮਤਲ ਕਰੋ। 60 ਸੈ. ਮੀ. ਦੇ ਫਾਸਲੇ ਤੇ ਵੱਟਾਂ ਅਤੇ ਖਾਲੀਆਂ ਬਣਾਓ।
ਬਿਜਾਈ ਦਾ ਸਮਾਂ
ਸਿੰਚਾਈ ਵਾਲੇ ਖੇਤਰਾਂ ਵਿੱਚ, ਫਰਵਰੀ ਤੋਂ ਮਈ ਦੇ ਅਖੀਰ ਵਾਲੇ ਹਫਤੇ ਵਿੱਚ ਰੋਪਣ ਕਰੋ। ਬਰਾਨੀ ਖੇਤਰਾਂ ਵਿੱਚ, ਜੂਨ ਤੋਂ ਅਗਸਤ ਵਿੱਚ ਬਿਜਾਈ ਕੀਤੀ ਜਾਂਦੀ ਹੈ।
ਫਾਸਲਾ
ਵਧੀਆ ਵਿਕਾਸ ਅਤੇ ਝਾੜ ਲਈ 9040 ਜਾਂ 6060 ਸੈ. ਮੀ. ਦੇ ਫਾਸਲੇ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਬੀਜ ਦੀ ਡੂੰਘਾਈ
ਤਣੇ ਦੇ ਭਾਗ ਨੂੰ 7-8 ਸੈ. ਮੀ. ਡੂੰਘਾ ਬੀਜੋ।
ਨੇਪੀਅਰ ਬਾਜਰਾ ਦੇ ਬੀਜ ਬਹੁਤ ਛੋਟੇ ਹੁੰਦੇ ਹਨ, ਵਪਾਰਕ ਖੇਤੀ ਲਈ ਇਸਦਾ ਪ੍ਰਜਣਨ ਤਣੇ ਦੇ ਭਾਗ (ਦੋ-ਤਿੰਨ ਗੰਢੀਆਂ) ਅਤੇ ਜੜ੍ਹ ਦੇ ਭਾਗ (30 ਸੈ. ਮੀ. ਲੰਬੇ) ਦੁਆਰਾ ਕੀਤਾ ਜਾਂਦਾ ਹੈ। ਰੋਪਣ ਦੇ ਲਈ 11000 ਡੰਡੀਆਂ ਜਾਂ ਤਣੇ ਦੇ ਭਾਗਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਖਾਦਾਂ(ਕਿਲੋਗ੍ਰਾਮ ਪ੍ਰਤੀ ਏਕੜ)
ਖੇਤੀ ਦੀ ਤਿਆਰੀ ਦੇ ਸਮੇਂ ਪਸ਼ੂਆਂ ਦਾ ਗਲ਼ਿਆ ਹੋਇਆ ਗੋਬਰ 20 ਟਨ ਪ੍ਰਤੀ ਏਕੜ ਵਿੱਚ ਪਾਓ। ਬਿਜਾਈ ਦੇ 15 ਦਿਨ ਬਾਅਦ, ਨਾਈਟ੍ਰੋਜਨ 30 ਕਿਲੋ(ਯੂਰੀਆ 70 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਹਰੇਕ ਕਟਾਈ ਤੋਂ ਬਾਅਦ ਫਿਰ ਨਾਈਟ੍ਰੋਜਨ ਦੀ ਖਾਦ ਪਾਓ। ਫਾਸਫੋਰਸ 40 ਕਿਲੋ(ਸਿੰਗਲ ਸੁਪਰ ਫਾਸਫੇਟ 240 ਕਿਲੋ) ਦੋ ਬਰਾਬਰ ਹਿੱਸਿਆਂ ਵਿੱਚ ਪਾਓ। ਪਹਿਲਾ ਹਿੱਸਾ ਬਸੰਤ ਰੁੱਤ ਅਤੇ ਦੂਜਾ ਮਾਨਸੂਨ ਦੇ ਮੌਸਮ ਵਿੱਚ ਪਾਓ।
ਬਿਜਾਈ ਤੋਂ 50 ਦਿਨ ਬਾਅਦ ਫਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ। ਪਹਿਲੀ ਕਟਾਈ ਦੇ ਬਾਅਦ, ਦੂਜੀ ਕਟਾਈ ਫਸਲ ਦੇ 1 ਮੀਟਰ ਉੱਚਾ ਹੋਣ ਤੇ ਕਰੋ। ਫਸਲ ਨੂੰ 2 ਮੀਟਰ ਤੋਂ ਜ਼ਿਆਦਾ ਉੱਚਾ ਨਾ ਹੋਣ ਦਿਓ, ਇਸ ਨਾਲ ਚਾਰੇ ਦੇ ਪੋਸ਼ਕ ਤੱਤ ਘੱਟ ਜਾਂਦੇ ਹਨ। ਇਸ ਤਰ੍ਹਾਂ ਦੇ ਚਾਰੇ ਪਾਚਣ ਲਈ ਭਾਰੀ ਹੁੰਦੇ ਹਨ।
ਸਾਰੇ ਤਰ੍ਹਾਂ ਦੇ ਮੂਲ ਅਨਾਜ ਸੋਕਾ ਸਹਾਰਨ ਵਾਲੀਆਂ ਫ਼ਸਲਾਂ ਦੇ ਵਰਗ ਵਿਚ ਆਉਂਦੇ ਹਨ। ਇਨ੍ਹਾਂ ਨੂੰ ਪੱਕਣ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ। ਇਸ ਲਈ ਇਨ੍ਹਾਂ ਦੀ ਬਿਜਾਈ ਉੱਥੇ ਹੀ ਕਰੋ ਜਿੱਥੇ ਬਾਰਿਸ਼ ਦਾ ਪਾਣੀ ਜਮ੍ਹਾਂ ਨਾ ਹੋ ਸਕੇ ਨਹੀਂ ਤਾਂ ਇਨ੍ਹਾਂ ਦੀ ਮਰਨ ਦੀ ਸੰਭਾਵਨਾ ਵੀ ਹੈ। ਦੂਸਰਾ ਇਹ ਵੀ ਧਿਆਨ ਰੱਖੋ ਕਿ ਇਨ੍ਹਾਂ ਫਸਲਾਂ ਨੂੰ ਜੇਕਰ ਅਸੀਂ ਜ਼ਰੂਰਤ ਤੋਂ ਜ਼ਿਆਦਾ ਪਾਣੀ ਦੇਵਾਂਗੇ ਤਾਂ ਇਨ੍ਹਾਂ ਨੂੰ ਕੀੜੇ ਮਕੌੜੇ ਅਤੇ ਬੀਮਾਰੀਆਂ ਦੀ ਸਮੱਸਿਆ ਅਤੇ ਨਦੀਨਾਂ ਦੀ ਸਮੱਸਿਆ ਵੀ ਵਧੇਰੇ ਆਵੇਗੀ ।