ਗੁਰਬਾਜ਼ ਵਰਗੇ ਬਹਾਦਰਾਂ ਦੀਆਂ ਅਮਰ ਕੁਰਬਾਨੀਆਂ ਸਦਕਾ ਹੀ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ : ਵਿਧਾਇਕ ਕਲਸੀ

ਬਟਾਲਾ, 9 ਫਰਵਰੀ : ਭਾਰਤੀ ਫੌਜ ਦੀ 62 ਮੀਡੀਅਮ ਰੈਜੀਮੈਂਟ ਦੇ ਸਿਪਾਹੀ ਗੁਰਬਾਜ਼ ਸਿੰਘ ਦਾ ਦੂਜਾ ਸ਼ਰਧਾਂਜਲੀ ਸਮਾਗਮ ਸੰਤ ਬਾਬਾ ਫੌਜਾ ਸਿੰਘ ਦੇ ਗੁਰਦੁਆਰਾ ਸਾਹਿਬ ਪਿੰਡ ਮਸਾਣੀਆਂ ਵਿਖੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿੱਚ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਨ੍ਹਾਂ ਤੋਂ ਇਲਾਵਾ ਸ਼ਹੀਦ ਦੀ ਮਾਤਾ ਹਰਜੀਤ ਕੌਰ, ਪਿਤਾ ਸੇਵਾਮੁਕਤ ਨਾਇਬ ਸੂਬੇਦਾਰ ਗੁਰਮੀਤ ਸਿੰਘ, ਦਾਦਾ ਲਾਲ ਸਿੰਘ, ਦਾਦੀ ਸਵਰਨ ਕੌਰ, ਐਸ.ਪੀ ਪ੍ਰਿਥੀ ਪਾਲ ਸਿੰਘ, ਡੀ.ਪੀ.ਆਰ.ਓ ਹਰਜਿੰਦਰ ਸਿੰਘ ਕਲਸੀ, ਸ਼ਹੀਦ ਦੀ ਯੂਨਿਟ ਨਾਇਬ ਸੂਬੇਦਾਰ ਨਵਤੇਜ ਸਿੰਘ, ਸ਼ਹੀਦ ਲਾਂਸਨਾਇਕ ਸੰਦੀਪ ਸਿੰਘ ਸ਼ੌਰਿਆ ਚੱਕਰ ਦੇ ਪਿਤਾ ਜਗਦੇਵ ਸਿੰਘ, ਸ਼ਹੀਦ ਕਾਂਸਟੇਬਲ ਜਤਿੰਦਰ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ, ਸ਼ਹੀਦ ਕਾਂਸਟੇਬਲ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਅੱਤਰੀ, ਸ਼ਹੀਦ ਕਾਂਸਟੇਬਲ ਅਮਰਜੀਤ ਸਿੰਘ ਦੀ ਪਤਨੀ ਇੰਦਰਜੀਤ ਕੌਰ, ਸ਼ਹੀਦ ਹੌਲਦਾਰ ਰਜਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਸ਼ਹੀਦ ਨੁੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਸਮੇਂ ਰਾਗੀ ਜਥੇ ਨੇ ਬੈਰਾਗਮਈ ਕੀਰਤਨ ਕੀਤਾ ਅਤੇ ਇਸ ਵੀਰ ਦੀ ਕੁਰਬਾਨੀ ਨੂੰ ਸਿਜਦਾ ਕੀਤਾ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਸ਼ਹੀਦ ਸਿਪਾਹੀ ਗੁਰਬਾਜ਼ ਸਿੰਘ ਵਰਗੇ ਬਹਾਦਰ ਸੈਨਿਕਾਂ ਦੀ ਕੁਰਬਾਨੀਆਂ ਸਦਕਾ ਹੀ ਇਸ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ।ਉਨ੍ਹਾਂ ਕਿਹਾ ਕਿ ਜੋ ਮਨੁੱਖ ਜਨਮ ਲੈਂਦਾ ਹੈ ਉਸ ਨੇ ਇੱਕ ਦਿਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਤੁਰ ਜਾਣਾ ਹੈ, ਇਸ ਧਰਤੀ ਤੇ ਕਈ ਰਾਜੇ ਤੇ ਪੈਗੰਬਰ ਆਏ ਅਤੇ ਚਲੇ ਗਏ ਪਰ ਇਸ ਦੇਸ਼ ਲਈ ਕੁਰਬਾਨੀ ਦੇਣ ਵਾਲੇ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਂਦਾ ਹੈ ਅਜਿਹੇ ਬਹਾਦਰ ਮਰਦੇ ਨਹੀਂ, ਅਮਰ ਹੋ ਜਾਂਦੇ ਹਨ। ਵਿਧਾਇਕ ਨੇ ਕਿਹਾ ਕਿ ਸ਼ਹੀਦਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਬਹੁਤ ਹੀ ਵਿਰਲੀਆਂ ਹੁੰਦੀਆਂ ਹਨ ਜੌ ਦੇਸ਼ ਦੀ ਬਲਿਵੇਦੀ ਅਪਣੇ ਜਿਗਰ ਦੇ ਟੁਕੜੇ ਕੁਰਬਾਨ ਕਰਕੇ ਸ਼ਹੀਦਾਂ ਦੀਆਂ ਮਾਵਾਂ ਕਹਾਉਣ ਦਾ ਮਾਣ ਹਾਸਲ ਕਰਦੀਆਂ ਹਨ। ਮੈਂ ਉਨ੍ਹਾਂ ਦੇ ਚਰਨਾਂ 'ਚ ਸਿਰ ਝੁਕਾਉਂਦਾ ਹਾਂ। ਵਿਧਾਇਕ ਕਲਸੀ ਨੇ ਕਿਹਾ ਕਿ ਉਹ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦੇ ਜਜ਼ਬੇ ਨੂੰ ਤਹਿ ਦਿਲੋਂ ਸਲਾਮ ਕਰਦੇ ਹਨ ਜੌ  ਵੱਖ-ਵੱਖ ਥਾਵਾਂ ਤੇ ਸ਼ਹੀਦ ਸੈਨਿਕਾਂ ਦੀ  ਯਾਦ ਵਿੱਚ ਅਜਿਹੇ ਸ਼ਰਧਾਂਜਲੀ ਸਮਾਗਮਾਂ ਦਾ ਆਯੋਜਨ ਕਰ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਦੇਸ਼ ਭਗਤੀ ਦੀ ਦੀਵਾ ਜਗਾ ਰਹੇ ਹਨ। ਕੁੰਵਰ ਰਵਿੰਦਰ ਵਿੱਕੀ ਨੇ ਕਿਹਾ ਕਿ ਲੋਕਾਂ ਵਿੱਚ ਅਕਸਰ ਇਹ ਧਾਰਨਾ ਹੁੰਦੀ ਹੈ ਕਿ ਇਸ ਦੇਸ਼ ਨੂੰ ਬਚਾਉਣ ਦਾ ਠੇਕਾ ਫੌਜੀਆਂ ਨੇ ਲਿਆ ਹੈ, ਉਹ ਸਰਹੱਦਾਂ 'ਤੇ ਆਪਣੀ ਕੁਰਬਾਨੀ ਦਿੰਦੇ ਰਹਿਣ ਅਤੇ ਦੇਸ਼ਵਾਸੀ ਘਰਾਂ ਵਿੱਚ ਸ਼ਾਂਤੀ ਨਾਲ ਸੌਂਦੇ ਰਹਿਣ। ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਨੂੰ ਦਰਸਾਉਣ ਲਈ ਫੌਜ ਦੀ ਵਰਦੀ ਦੀ ਕੋਈ ਲੋੜ ਨਹੀਂ ਹੈ, ਤੁਸੀਂ ਜਿਸ ਵੀ ਖੇਤਰ ਵਿੱਚ ਕੰਮ ਕਰ ਰਹੇ ਹੋ, ਇਮਾਨਦਾਰੀ ਨਾਲ ਆਪਣਾ ਕੰਮ ਕਰਕੇ ਸਿਪਾਹੀ ਦੀ ਭੂਮਿਕਾ ਨਿਭਾਉਂਦੀਆਂ ਹੋਇਆਂ ਰਾਸ਼ਟਰ ਨਿਰਮਾਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹੋ। ਕੁੰਵਰ ਵਿੱਕੀ ਨੇ ਕਿਹਾ ਕਿ ਸਿਪਾਹੀ ਗੁਰਬਾਜ਼ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਨੇ 23 ਸਾਲ ਦੀ ਛੋਟੀ ਉਮਰੇ ਆਪਣਾ ਬਲਿਦਾਨ ਦੇ ਕੇ ਸਾਬਤ ਕਰ ਦਿੱਤਾ ਕਿ ਦੇਸ਼ ਭਗਤੀ ਦਿਖਾਉਣ ਲਈ ਉਮਰ ਲੰਮੀ ਨਹੀਂ ਵੱਡੀ ਹੋਣੀ ਚਾਹੀਦੀ ਹੈ।ਬੁਉਨ੍ਹਾਂ ਕਿਹਾ ਕਿ ਉਹ ਇਸ ਪਿੰਡ ਦੀ  ਮਿੱਟੀ ਨੂੰ ਸਲਾਮ ਕਰਦੇ ਹਨ ਜਿਸ ਨੇ ਆਪਣੇ ਤਿੰਨ ਬਹਾਦਰ ਸੈਨਿਕਾਂ ਨੂੰ ਦੇਸ਼ ਦੀ ਰਾਖੀ ਲਈ ਕੁਰਬਾਨ ਕਰਕੇ ਸ਼ਹੀਦਾਂ ਦਾ ਪਿੰਡ ਕਹਾਉਣ ਦਾ ਮਾਣ ਪ੍ਰਾਪਤ ਕੀਤਾ। ਕੁੰਵਰ ਵਿੱਕੀ ਨੇ ਕਿਹਾ ਕਿ ਜਦੋਂ ਵੀ ਕੋਈ ਫੌਜੀ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਦਾ ਹੈ ਤਾਂ ਉਸ ਦੇ ਅੰਤਿਮ ਸੰਸਕਾਰ ਮੌਕੇ ਸਿਆਸਤਦਾਨਾਂ ਵੱਲੋਂ ਕਈ ਐਲਾਨ ਕੀਤੇ ਜਾਂਦੇ ਹਨ ਪਰ ਸਮੇਂ ਦੇ ਨਾਲ ਸਾਰੇ ਵਾਅਦੇ ਸਰਕਾਰੀ ਫਾਈਲਾਂ ਵਿੱਚ ਹੀ ਦੱਬ ਕੇ ਰਹਿ ਜਾਂਦੇ ਹਨ। ਮਗਰ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਪਿਛਲੇ ਸਾਲ ਜਦ ਸਿਪਾਹੀ ਗੁਰਬਾਜ਼ ਸਿੰਘ ਦੇ ਪਹਿਲੇ ਸ਼ਹੀਦੀ ਦਿਹਾੜੇ 'ਤੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ 'ਚ ਸ਼ਿਰਕਤ ਕੀਤੀ ਤਾਂ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਨੇ ਇਸ ਬਹਾਦਰ ਸਿਪਾਹੀ ਦੀ ਯਾਦ 'ਚ ਯਾਦਗਿਰੀ ਗੇਟ ਬਣਾਉਣ ਅਤੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਂ  ਇਸ ਸ਼ਹੀਦ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ ਤਾਂ ਵਿਧਾਇਕ ਕਲਸੀ ਨੇ ਉਸੇ ਦਿਨ ਪਿੰਡ ਦੇ ਪ੍ਰਵੇਸ਼ ਦੁਆਰ ’ਤੇ ਯਾਦਗਿਰੀ ਗੇਟ ਦਾ ਨੀਂਹ ਪੱਥਰ ਸ਼ਹੀਦ ਪਰਿਵਾਰ ਵੱਲੋਂ ਹੀ ਰਖਵਾ ਦਿੱਤਾ  ਅਤੇ ਅੱਜ ਉਹ ਯਾਦਗਿਰੀ ਗੇਟ ਤਿਆਰ ਹੋ ਗਿਆ ਹੈ ਇਸ ਤੋਂ।ਇਲਾਵਾ ਇੱਕ ਸਾਲ ਦੇ ਅੰਦਰ ਹੀ ਵਿਧਾਇਕ ਕਲਸੀ ਨੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਵੀ ਸ਼ਹੀਦ ਗੁਰਬਾਜ ਸਿੰਘ ਦੇ ਨਾਂ 'ਤੇ ਕਰਵਾ ਦਿੱਤਾ ਗਿਆ ਹੈ ਜਿਸ ਲਈ ਸਾਡੀ ਪਰਿਸ਼ਦ ਵਿਧਾਇਕ ਕਲਸੀ ਦਾ ਧੰਨਵਾਦ ਕਰਦੀ ਹੈ। ਇਸ ਮੌਕੇ ਮੁੱਖ ਵਿਧਾਇਕ ਸ਼ੈਰੀ ਕਲਸੀ ਨੇ ਸ਼ਹੀਦ ਦੇ ਪਰਿਵਾਰ ਸਮੇਤ ਛੇ ਹੋਰ ਸ਼ਹੀਦ ਪਰਿਵਾਰਾਂ ਨੂੰ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸ਼ਹੀਦ ਦੀ ਯੂਨਿਟ ਦੇ ਨਾਇਬ ਸੂਬੇਦਾਰ ਬਚਿੱਤਰ ਸਿੰਘ, ਸੂਬੇਦਾਰ ਦਲਵਿੰਦਰ ਸਿੰਘ, ਨਾਇਬ ਸੂਬੇਦਾਰ ਰਾਵਲ ਸਿੰਘ, ਨਾਇਬ ਸੂਬੇਦਾਰ ਨਵਤੇਜ ਸਿੰਘ, ਹੌਲਦਾਰ ਰਣਜੀਤ ਸਿੰਘ, ਹੌਲਦਾਰ ਸੁਖਦੇਵ ਸਿੰਘ, ਹੌਲਦਾਰ ਕੁਲਦੀਪ ਸਿੰਘ, 2 ਮੀਡੀਅਮ ਰੈਜੀਮੈਂਟ ਦੇ ਕੈਪਟਨ ਸਤਨਾਮ ਸਿੰਘ, ਸੂਬੇਦਾਰ ਗੁਰਨਾਮ ਸਿੰਘ, ਸੂਬੇਦਾਰ ਜਸਬੀਰ ਸਿੰਘ, ਸਰਪੰਚ ਗੁਰਵਿੰਦਰ ਸਿੰਘ, ਪ੍ਰਿੰਸੀਪਲ ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।