180 ਲੱਖ ਰੁਪਏ ਦੀ ਲਾਗਤ ਨਾਲ ਲਿੰਕਸੜਕ ਸੈਦੋਕੇ ਤੋਂ ਖੱਬੇ ਰਾਜਪੂਤਾਂ ਨੂੰ ਕੀਤਾ ਜਾਵੇਗਾ ਚੌੜਾ ਅਤੇ ਮਜਬੂਤ –ਲੋਕ ਨਿਰਮਾਣ ਮੰਤਰੀ

  • ਮੀਂਹ ਤੋਂ ਪ੍ਰਭਾਵਿਤ ਹੋਏ ਪਿੰਡਾਂ ਦਾ ਕੀਤਾ ਦੌਰਾ

ਅੰਮ੍ਰਿਤਸਰ, 17 ਜੁਲਾਈ : ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੀ ਅਗਾਵਾਈ ਵਾਲੀ ਪੰਜਾਬ ਸਰਕਾਰ ਜਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੀ ਲਿੰਕ ਸੜਕ ਸੈਦੋਕੇ ਤੋਂ ਖੱਬੇ ਰਾਜਪੂਤਾਂ ਨੂੰ 180 ਲੱਖ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਮਜਬੂਤ ਕੀਤਾ ਜਾਵੇਗਾ ਅਤੇ ਸਾਰੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਵੀ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰ ਹਰਭਜਨ ਸਿੰਘ  ਈ:ਟੀ:ਓ ਲੋਕ ਨਿਰਮਾਣ ਮੰਤਰੀ ਪੰਜਾਬ ਨੇ ਪਿੰਡ ਮਹਿਤਾ ਅਧੀਨ ਸੂਬਾ ਸਰਕਾਰ ਵੱਲੋਂ ਪੰਜਾਬ ਦਿਹਾਤੀ ਵਿਕਾਸ ਬੋਰਡ ਫੰਡ ਸਕੀਮ ਅਧੀਨ ਲਿੰਕ ਸੜਕ ਸੈਦੋਕੇ ਤੋਂ ਖੱਬੇ ਰਾਜਪੂਤਾਂ ਨੂੰ ਚੌੜਾ ਕਰਨ ਦੇ ਨੀਂਹ ਪੱਥਰ ਰੱਖਣ ਸਮੇਂ ਕੀਤਾ। ਉਨ੍ਹਾਂ ਦੱਸਿਆ ਕਿ ਇਹ ਸੜਕ ਦੀ ਲੰਬਾਈ 234 ਕਿਲੋਮੀਟਰ ਹੈ ਅਤੇ ਮੌਜੂਦਾ ਚੌੜਾਈ 10 ਫੁੱਟ ਹੈ ਜਿਸ ਨੂੰ ਹੁਣ 18 ਫੁੱਟ ਚੌੜਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਇਹ ਕੰਮ 6 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ। ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਹ ਸੜਕ ਅੰਮ੍ਰਿਤਸਰ ਮਹਿਤਾ ਸੜਕ ਨੂੰ ਪਿੰਡ ਸੈਦੋਕੇ ਅਤੇ ਪਿੰਡ ਖੱਬੇ ਰਾਜਪੂਤਾਂ ਨਾਲ ਜੋੜਦੀ ਹੈ ਅਤੇ ਇਸ ਦੇ ਅਪਗਰੇਡ ਹੋਣ ਨਾਲ ਬੱਦੋਵਾਲ, ਟਕਾਪੁਰ, ਬੁੱਟਰ ਅਤੇ ਚੁੰਗ ਆਦਿ ਨਜਦੀਕੀ ਪਿੰਡਾਂ ਨੂੰ ਆਵਾਜਾਈ ਵਿੱਚ ਕਾਫੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਉਤੇ ਬੀ:ਐਮ ਅਤੇ ਪੀ:ਸੀ ਪਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਲਾਵਾ ਵਾਸੀਆਂ ਦੀ ਮੰਗ ਅਨੁਸਾਰ ਪਿੰਡ ਨੇੜੇ ਸੜਕ ਦੇ ਨਾਲ ਡਰੈਨ ਅਤੇ ਰਿਟੇਨਿੰਗ ਵਾਲ ਬਣਾਈ ਜਾਵੇਗੀ ਤਾਂ ਜੋ ਬਾਰਿਸ਼ ਦਾ ਪਾਣੀ ਸੜਕ ’ਤੇ ਖੜ੍ਹਾ ਨਾ ਹੋ ਸਕੇ ਅਤੇ ਸੜਕ ਦੇ ਹਿੱਸੇ ਨੂੰ ਪਾਣੀ ਦੇ ਕਾਰਨ ਨੁਕਸਾਨ ਨਾ ਪਹੁੰਚੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਦੀ ਗੁਣਵੱਤਾ ਅਤੇ ਸਮਾਂ ਸੀਮਾ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਉਪਰੰਤ ਸ੍ਰ ਈ:ਟੀ:ਓ ਵੱਲੋਂ ਹਲਕਾ ਜੰਡਿਆਲਾ ਗੁਰੂ ਦੇ ਮੀਂਹ ਤੋਂ ਪ੍ਰਭਾਵਿਤ ਪਿੰਡ ਸੈਦੋਕੇ, ਮਲਕ ਨੰਗਲ,ਜਲਾਲ, ਉਸਮਾਂ, ਮਹਿਸਮਪੁਰ ਖੁਰਦ, ਧਰਮੂ ਚੱਕ ਦਾ ਦੌਰਾ ਕੀਤਾ ਗਿਆ ਅਤੇ ਮੀਂਹ ਤੋਂ ਪ੍ਰਭਾਵਿਤ ਹੋਏ ਲੋਕਾਂ ਨਾਲ ਮੁਲਾਕਾਤ ਕਰਕੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ  ਕਿਹਾ ਕਿ ਜਿੰਨਾਂ ਲੋਕਾਂ ਦੇ ਘਰ ਮੀਂਹ ਤੋਂ ਪ੍ਰਭਾਵਿਤ ਹੋਏ ਹਨ ਨੂੰ ਬਣਦਾ ਮੁਆਵਜਾ ਦਿੱਤਾ ਜਾਵੇਗਾ। ਸ੍ਰ ਈ:ਟੀ:ਓ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਮੀਂਹ ਤੋਂ ਪ੍ਰਭਾਵਿਤ ਲੋਕਾਂ ਲਈ ਅੱਗੇ ਆਉਣ ਤਾਂ ਜੋ ਇਸ ਔਖੀ ਘੜੀ ਵਿੱਚ ਮਦਦ ਕੀਤੀ ਜਾ ਸਕੇ।  ਇਸ ਮੌਕੇ ਚੇਅਰਮੈਨ  ਸ. ਗੁਰਵਿੰਦਰ ਸਿੰਘ ਰੰਧਾਵਾ, ਚੇਅਰਮੈਨ ਗਹਿਰੀ ਮੰਡੀ ਸ਼ਨਾਖ ਸਿੰਘ, ਐਸ:ਡੀ:ਐਮ ਬਾਬਾ ਬਕਾਲਾ ਸ੍ਰੀਮਤੀ ਅਲਕਾ ਕਾਲੀਆ, ਸ੍ਰ ਸੁਖਦੇਵ ਸਿੰਘ ਸਰਪੰਚ, ਰਾਣਾ ਸ਼ਾਹ ਧਰਦਿਓ, ਬਲਜੀਤ ਸੈਦੋਕੇ, ਐਕਸੀਅਨ ਇੰਦਰਜੀਤ ਸਿੰਘ, ਸ੍ਰ ਸਤਿੰਦਰ ਸਿੰਘ, ਸ੍ਰ ਸੁਖਵਿੰਦਰ ਸਿੰਘ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।