ਸੀ.ਐਮ. ਦੀ ਯੋਗਸ਼ਾਲਾਵਾਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ-ਡਿਪਟੀ ਕਮਿਸ਼ਨਰ

  • ਯੋਗਾ ਸਿਖਲਾਈ ਲੈਣ ਲਈ ਟੋਲ ਫਰੀ ਨੰਬਰ 76694-00500 ‘ਤੇ ਮਿਸ ਕਾਲ ਕਰਨ ਦੀ ਅਪੀਲ
  • ਜਨਤਕ ਥਾਵਾਂ ਉਤੇ ਲੋਕਾਂ ਨੂੰ ਯੋਗਾ ਦੀ ਸਿਖਲਾਈ ਦੇਣਗੇ ਯੋਗਾ ਇੰਸਟ੍ਰਕਟਰ

ਅੰਮ੍ਰਿਤਸਰ , 6 ਜੂਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ  ਸਿਹਤਮੰਦ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਜਨਤਕ ਮੁਹਿੰਮ ਪੈਦਾ ਕਰਨ ਦੇ ਉਦੇਸ਼ ਨਾਲ ‘ਸੀ.ਐਮ. ਦੀ ਯੋਗਸ਼ਾਲਾ’ ਦੀ ਸ਼ੁਰੂਆਤ  ਕੀਤੀ ਸੀ ਜਿਸ ਨੂੰ ਅੰਮ੍ਰਿਤਸਰ ਜਿਲੇ੍ਹ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਸਮੇਂ 17 ਪਾਰਕਾਂ ਵਿੱਚ 36 ਯੋਗ ਕਲਾਸਾਂ ਲਗਾ ਕੇ ਲੋਕਾਂ ਨੂੰ ਯੋਗ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।  ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਇੰਨ੍ਹਾਂ ਯੋਗਸ਼ਾਲਾਵਾਂ ਵਿਚ  ਸਿਖਲਾਈਯਾਫਤਾ ਯੋਗਾ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਤੇ ਹੋਰ ਜਨਤਕ ਥਾਵਾਂ ਵਿਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ  ਦਿੱਤੀ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਦਿੱਤੇ ਹੋਏ ਨੰਬਰ ਤੇ ਮਿਸ ਕਾਲ ਕਰਕੇ ਆਪੋ ਆਪਣੇ ਇਲਾਕੇ ਵਿੱਚ ਯੋਗ ਇੰਸਟਰੱਕਟਰਾਂ ਦੀ ਮੰਗ ਕੀਤੀ ਜਾ ਰਹੀ ਹੈ।  ਸ੍ਰੀ ਤਲਵਾੜ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਤਨ-ਮਨ ਦੀ ਤੰਦਰੁਸਤੀ ਲਈ ਯੋਗਾ ਨੂੰ ਰੋਜ਼ਾਨਾ ਜਿੰਦਗੀ ਵਿਚ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ‘ਸੀ.ਐਮ. ਦੀ ਯੋਗਸ਼ਾਲਾ’ ਲੋਕਾਂ ਨੂੰ ਯੋਗਾ ਰਾਹੀਂ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ।  ਸ਼੍ਰੀ ਤਲਵਾੜ ਨੇ  ਲੋਕਾਂ ਨੂੰ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਟੋਲ ਫਰੀ ਨੰਬਰ 76694-00500 ਜਾਂ ਵੈਬਸਾਈਟ  https://cmdiyogshala.punjab.gov.in  ਉਤੇ ਲਾਗਇਨ ਕਰਨ ਦੀ ਅਪੀਲ ਕਰਦਿਆਂ ਸੀ.ਐਮ. ਦੀ ਯੋਗਸ਼ਾਲਾ ਨੂੰ ਪੰਜਾਬੀਆਂ ਦੀ ਸਿਹਤ ਲਈ ਵਰਦਾਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿੱਥੇ ਵੀ 25 ਲੋਕ ਇਕੱਠੇ ਹੋਕੇ ਯੋਗਾ ਕਰਨ ਲਈ ਤਿਆਰ ਹੋਣਗੇ, ਉਨ੍ਹਾਂ ਦੀ ਮੰਗ ਮੁਤਾਬਕ ਸੀ.ਐਮ. ਦੀ ਯੋਗਸ਼ਾਲਾ ਖੋਲ੍ਹਕੇ ਦਿੰਦਿਆਂ ਮੁਫ਼ਤ ‘ਚ ਯੋਗਾ ਟ੍ਰੇਨਰ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ ਸੀ:ਐਮ ਯੋਗਸ਼ਾਲਾ ਦੇ ਜਿਲ੍ਹਾ ਸੁਪਰਵਾਈਜਰ ਸ੍ਰੀ ਮੋਹਿਤ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੋਗ ਇੰਸਟਰੱਕਟਰਾਂ ਵੰਲੋਂ ਲੋਕਾਂ ਦੀ ਮੰਗ ਅਨੁਸਾਰ ਸਵੇਰੇ ਅਤੇ ਸ਼ਾਮ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚੋਂ ਵੀ ਲੋਕ ਆਪਣੇ ਘਰਾਂ ਦੇ ਨਜਦੀਕ ਪਾਰਕਾਂ ਵਿੱਚ ਯੋਗ ਦੀਆਂ ਕਲਾਸਾਂ ਲਗਾਉਣ ਲਈ ਪਹੁੰਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੋਰ ਯੋਗਾ ਇੰਸਟਰੱਕਟਰਾਂ ਲਈ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸ਼ਹਿਰ ਦੇ ਹਰੇਕ ਹਿੱਸੇ ਵਿੱਚ ਯੋਗਾ ਦੀਆਂ ਕਲਾਸਾਂ ਲੱਗਣਗੀਆਂ।