ਪਿੰਡ ਭੁੰਬਲੀ ਦੀ ਛਿੰਝ ਅਤੇ ਸੱਭਿਆਚਾਰਕ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

  • ਚੇਅਰਮੈਨ ਰਮਨ ਬਹਿਲ ਨੇ ਛਿੰਝ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਭਰੀ ਹਾਜ਼ਰੀ 
  • ਛਿੰਝ ਦੀਆਂ ਕੁਸ਼ਤੀਆਂ ਦਾ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ

ਗੁਰਦਾਸਪੁਰ, 3 ਸਤੰਬਰ : ਧੰਨ-ਧੰਨ ਬਾਬਾ ਚੱਠਾ ਸਾਹਿਬ ਜੀ ਦੀ ਯਾਦ ਵਿੱਚ ਪਿੰਡ ਭੁੰਬਲੀ ਵਿਖੇ ਲੱਗਾ ਸੱਭਿਆਚਾਰਕ ਅਤੇ ਛਿੰਝ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਅੱਜ ਸ਼ਾਮ ਸਮਾਪਤ ਹੋ ਗਿਆ।  ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਛਿੰਝ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਛਿੰਝ ਮੇਲੇ ਵਿੱਚ ਭਲਵਾਨਾਂ ਦੀਆਂ ਕੁਸ਼ਤੀਆਂ ਦੇਖਣ ਅਤੇ ਜੇਤੂ ਭਲਵਾਨਾਂ ਨੂੰ ਇਨਾਮ ਦੇਣ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪਿੰਡਾਂ ਵਿੱਚ ਛਿੰਝਾਂ ਪੈਣਾ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਅਤੇ ਇਸ ਰਿਵਾਇਤ ਨੂੰ ਜਾਰੀ ਰੱਖਣਾ ਸਾਡਾ ਫਰਜ ਹੈ। ਇਸ ਰਿਵਾਇਤ ਨੂੰ ਜ਼ਿੰਦਾ ਰੱਖਣ ਲਈ ਉਨ੍ਹਾਂ ਪਿੰਡ ਭੁੰਬਲੀ ਦੇ ਵਸਨੀਕਾਂ ਨੂੰ ਵਧਾਈ ਦਿੱਤੀ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਖੇਡਾਂ ਤੰਦਰੁਸਤ ਤੇ ਖੁਸ਼ਹਾਲ ਜੀਵਨ ਦਾ ਅਧਾਰ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪਿੰਡ ਭੁੰਬਲੀ ਦੇ ਛਿੰਝ ਮੇਲੇ ਵਿੱਚ ਭਲਵਾਨਾਂ ਦੀਆਂ ਕੁਸ਼ਤੀਆਂ ਅਤੇ ਮਾਂ ਖੇਡ ਕਬੱਡੀ ਨੂੰ ਦੇਖਣ ਲਈ ਇਲਾਕੇ ਦੇ ਲੋਕਾਂ ਨੇ ਵੱਡਾ ਉਤਸ਼ਾਹ ਦਿਖਾਇਆ ਹੈ ਅਤੇ ਇਸ ਸਫਲ ਛਿੰਝ ਮੇਲੇ ਲਈ ਸਮੂਹ ਪ੍ਰਬੰਧਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਯਤਨਸ਼ੀਲ ਹੈ ਜਿਸ ਤਹਿਤ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਖੇਡਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ ਤਾਂ ਜੋ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਪੰਜਾਬ ਦੇ ਖਿਡਾਰੀਆਂ ਨੂੰ ਤਿਆਰ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਚੇਅਰਮੈਨ ਰਮਨ ਬਹਿਲ ਨੇ ਛਿੰਝ ਮੇਲੇ ਦੌਰਾਨ ਲੱਗੇ ਸੱਭਿਆਚਾਰਕ ਮੇਲੇ ਵਿੱਚ ਵੀ ਹਾਜ਼ਰੀ ਭਰੀ। ਸੱਭਿਆਚਾਰਕ ਮੇਲੇ ਦੌਰਾਨ ਪੰਜਾਬੀ ਲੋਕ ਸਰਬਜੀਤ ਬੁੱਗਾ ਅਤੇ ਮਨਪ੍ਰੀਤ ਬੁੱਗਾ ਦੀ ਜੋੜੀ ਨੇ ਆਪਣੀ ਗਾਇਕੀ ਨਾਲ ਖੁਬ ਰੰਗ ਬੰਨਿਆ। ਛਿੰਝ ਮੇਲੇ ਵਿੱਚ ਨਾਮੀ ਭਲਵਾਨਾਂ ਦੀ ਕੁਸ਼ਤੀਆਂ ਕਰਵਾਈਆਂ ਗਈਆਂ ਅਤੇ ਨਾਲ ਹੀ ਕਬੱਡੀ ਦੇ ਮੈਚ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ। ਮੁੱਖ ਮਹਿਮਾਨ ਵੱਲੋਂ ਜੇਤੂ ਭਲਵਾਨਾਂ ਤੇ ਕਬੱਡੀ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਮੇਲਾ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਪਟਵਾਰੀ, ਮਨਜੀਤ ਸਿੰਘ, ਪ੍ਰਤਾਪ ਸਿੰਘ, ਹਰਪਾਲ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਬਾਊ, ਸਵਿੰਦਰ ਸਿੰਘ, ਦੀਦਾਰ ਸਿੰਘ ਸੁਖਵੰਤ ਸਿੰਘ, ਯੁੱਧਬੀਰ ਸਿੰਘ, ਜੈਪਾਲ ਸਿੰਘ, ਅਮਨਿੰਦਰ ਸਿੰਘ, ਨਵਦੀਪ ਸਿੰਘ, ਜ਼ੋਰਾਵਰ ਸਿੰਘ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਪਾਲ ਸਿੰਘ, ਸਾਬ ਸਿੰਘ, ਜੈਪਾਲ ਸਿੰਘ, ਲਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਰਜਿੰਦਰ ਸਿੰਘ, ਸਾਜਨ ਸਿੰਘ, ਹਰਮਨਿੰਦਰ ਸਿੰਘ, ਪਰਮਜੀਤ ਸਿੰਘ ਸਮੇਤ ਇਲਾਕੇ ਦੇ ਹੋਰ ਵੀ ਮੋਹਤਬਰ ਹਾਜ਼ਰ ਸਨ।