ਕੈਬਨਿਟ ਮੰਤਰੀ ਜਿੰਪਾ ਨੇ ਪੱਤਰਕਾਰਾਂ ਨੂੰ ਸਮਾਜ ਅਤੇ ਦੇਸ਼ ਦੀ ਬਿਹਤਰੀ ਲਈ ਕੰਮ ਕਰਨ ਦਾ ਦਿੱਤਾ ਸੱਦਾ

  • ਕੌਮੀ ਪ੍ਰੈੱਸ ਦਿਵਸ ਪੱਤਰਕਾਰ ਭਾਈਚਾਰੇ ਨੂੰ ਦਿੱਤੀ ਵਧਾਈ

ਹੁਸ਼ਿਆਰਪੁਰ, 16 ਨਵੰਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਲੋਕਤੰਤਰ ਦੇ ਚੌਥੇ ਥੰਮ ਪ੍ਰੈੱਸ/ਮੀਡੀਆ ਨੂੰ ਭੈਅ ਮੁਕਤ ਹੋ ਕੇ ਸਮਾਜ ਸਮਾਜ ਅਤੇ ਦੇਸ਼ ਦੀ ਬਿਹਤਰੀ ਲਈ ਹੋਰ ਮਿਹਨਤ ਨਾਲ ਕੰਮ ਕਰਨ ਦਾ ਦਿੱਤਾ ਸੱਦਾ ਦਿੱਤਾ। ਕੌਮੀ ਪ੍ਰੈੱਸ ਦਿਵਸ ਮੌਕੇ ਪੱਤਰਕਾਰ ਭਾਈਚਾਰੇ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਮੀਡੀਆ ਸਾਥੀਆਂ ਨੂੰ ਨਿਰਪੱਖਤਾ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 16 ਨਵੰਬਰ 1966 ਤੋਂ ਇਹ ਦਿਨ ਕੌਮੀ ਪ੍ਰੈੱਸ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ, ਜੋ ਕਿ ਸਾਡੇ ਦੇਸ਼ ਵਿਚ ਸੁਤੰਤਰ ਤੇ ਜਿੰਮੇਵਾਰ ਪ੍ਰੈੱਸ ਦੀ ਮੌਜੂਦਗੀ ਦਾ ਸੰਕੇਤ ਦਿੰਦਾ ਹੈ ਅਤੇ ਪ੍ਰੈੱਸ ਦੀ ਆਜ਼ਾਦੀ ਅਤੇ ਜ਼ਿੰਮੇਵਾਰੀ ਵੱਲ ਸਾਡਾ ਧਿਆਨ ਕੇਂਦਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਕੌਮੀ ਪ੍ਰੈੱਸ ਦਿਵਸ ਦਾ ਮਕਸਦ ਪੱਤਰਕਾਰਾਂ ਨੂੰ ਸਸ਼ਕਤੀਕਰਨ ਦੇ ਉਦੇਸ਼ ਨਾਲ ਆਪਣੇ ਆਪ ਨੂੰ ਮੁੜ ਸਰਗਰਮ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਪੱਤਰਕਾਰੀ ਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਪੱਤਰਕਾਰੀ ਲੋਕਾਂ ਨੂੰ ਹਰ ਤਰ੍ਹਾਂ ਦੀ ਭਰਪੂਰ ਜਾਣਕਾਰੀ ਤੋਂ ਇਲਾਵਾ ਵਿੱਦਿਅਕ, ਮਨੋਰੰਜਕ ਸੰਦੇਸ਼ ਪਹੁੰਚਾਉਣ ਦੀ ਕਲਾ ਅਤੇ ਢੰਗ ਹੈ। ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਉਨ੍ਹਾਂ ਨੂੰ ਅੱਜ ਦੇ ਦਿਨ ਤੋਂ ਹੋਰ ਪ੍ਰੇਰਣਾ ਲੈ ਕੇ ਸਮਾਜ ਦੇ ਅਣਗੌਲੇ ਲੋਕਾਂ ਲਈ ਹੋਰ ਵੱਧ ਸ਼ਿੱਦਤ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰੈੱਸ ਰਾਹੀਂ ਹੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ, ਵਿਕਾਸ ਕਾਰਜਾਂ ਦਾ ਲਾਭ ਆਮ ਲੋਕਾਂ ਤੱਕ ਪੁੱਜਦਾ ਹੈ।