ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐਸਐਫ ਨੇ ਇੱਕ ਡਰੋਨ 3.50 ਕਰੋੜ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ 

ਅੰਮ੍ਰਿਤਸਰ, 29 ਸਤੰਬਰ : ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਇਕ ਵਾਰ ਫਿਰ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਵਾਲਾ ਇੱਕ ਡਰੋਨ 3.50 ਕਰੋੜ ਰੁਪਏ ਦੀ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਸੂਚਨਾ ਤੋਂ ਬਾਅਦ ਬੀਐਸਐਫ ਨੇ ਤਲਾਸ਼ੀ ਮੁਹਿੰਮ ਚਲਾਈ, ਜਿਸ ਵਿੱਚ ਡਰੋਨ ਸਮੇਤ ਹੈਰੋਇਨ ਦੀ ਇੱਕ ਖੇਪ ਬਰਾਮਦ ਹੋਈ। ਬੀਐਸਐਫ ਨੂੰ ਇਹ ਕਾਮਯਾਬੀ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਜਾਤਾਲ ਵਿੱਚ ਮਿਲੀ ਹੈ। ਬੀਐਸਐਫ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਡਰੋਨ ਦੇ ਸਰਹੱਦ ਪਾਰ ਕਰਕੇ ਇਲਾਕੇ ਵਿੱਚ ਆਉਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਬੀਐਸਐਫ ਨੇ ਬਿਨਾਂ ਕੋਈ ਸਮਾਂ ਬਰਬਾਦ ਕੀਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਖੇਤਾਂ ਵਿੱਚ ਇੱਕ DJI Mavic 3 ਕਲਾਸਿਕ ਮਿੰਨੀ ਡਰੋਨ ਜ਼ਬਤ ਕੀਤਾ ਗਿਆ, ਜਿਸ ਨਾਲ ਇੱਕ ਬੋਤਲ ਬੰਨ੍ਹੀ ਹੋਈ ਸੀ। ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇੱਕ ਬੋਤਲ ਬਰਾਮਦ ਕੀਤੀ ਗਈ, ਜਿਸ ਵਿੱਚ 545 ਗ੍ਰਾਮ ਹੈਰੋਇਨ ਸੀ ਅਤੇ ਇਹ ਭਾਰਤੀ ਸਰਹੱਦ ਵੱਲ ਭੇਜੀ ਗਈ ਸੀ। ਇਸ ਖੇਪ ਦੀ ਕੀਮਤ ਲਗਭਗ 3.50 ਕਰੋੜ ਰੁਪਏ ਹੈ। ਫਿਲਹਾਲ ਡਰੋਨ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ, ਤਾਂ ਜੋ ਇਸ ਦੀਆਂ ਉਡਾਣਾਂ ਦਾ ਵੇਰਵਾ ਪ੍ਰਾਪਤ ਕੀਤਾ ਜਾ ਸਕੇ।