- ਕੇਸ਼ੋਪੁਰ ਛੰਬ ਵਿਖੇ ਮਨਾਇਆ 5ਵਾਂ ਰਾਜ ਪੱਧਰੀ 'ਪੰਛੀਆਂ ਦਾ ਉਤਸਵ'
- ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
- ਕੇਸ਼ੋਪੁਰ ਛੰਬ ਦੇ ਵਿਆਖਿਆ ਕੇਂਦਰ ਨੂੰ ਡਿਜੀਟਲ ਕਰਨ ਦਾ ਪ੍ਰੋਜੈਕਟ ਜਲਦ ਸ਼ੁਰੂ ਕਰਨ ਦਾ ਕੀਤਾ ਐਲਾਨ
ਕੇਸ਼ੋਪੁਰ ਛੰਭ (ਗੁਰਦਾਸਪੁਰ), 17 ਫਰਵਰੀ : ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਬ (ਗੁਰਦਾਸਪੁਰ) ਵਿਖੇ ਅੱਜ 5ਵਾਂ ਰਾਜ ਪੱਧਰੀ 'ਪੰਛੀਆਂ ਦਾ ਉਤਸਵ' ਮਨਾਇਆ ਗਿਆ। ਇਸ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਸੂਬੇ ਦੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਉੱਘੇ ਜਨਤਕ ਆਗੂ ਅਤੇ ਆਪ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ, ਐੱਸ.ਐੱਸ.ਪੀ. ਸ੍ਰੀ ਹਰੀਸ਼ ਦਾਯਮਾ, ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਸ੍ਰੀ ਆਰ.ਕੇ. ਮਿਸ਼ਰਾ, ਸ੍ਰੀ ਧਰਮਿੰਦਰ ਸ਼ਰਮਾ, ਸ੍ਰੀਮਤੀ ਪ੍ਰੀਤਮਾ ਸ੍ਰੀਵਾਸਤਵ, ਗੀਤਾਂਜਲੀ ਕਨਵਰ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਪੰਛੀਆਂ ਦੇ ਉਤਸਵ ਦੀ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ 5 ਪਿੰਡਾਂ ਕੇਸ਼ੋਪੁਰ, ਡਾਲਾ, ਮਿਆਣੀ, ਮਟਵਾ ਅਤੇ ਮਗਰ ਮੂੰਦੀਆਂ ਦੀ 850 ਏਕੜ ਵਿੱਚ ਫੈਲੀ ਇਹ ਛੰਬ ਪ੍ਰਵਾਸੀ ਪੰਛੀਆਂ ਲਈ ਪਰਵਾਸ ਦਾ ਸਭ ਤੋਂ ਖ਼ੂਬਸੂਰਤ ਠਿਕਾਣਾ ਹੈ ਅਤੇ ਹਰ ਸਾਲ ਸਾਇਬੇਰੀਆ, ਰੂਸ, ਚੀਨ, ਮੱਧ ਏਸ਼ੀਆ ਦੇ ਮੁਲਕਾਂ ਤੋਂ ਸਰਦੀਆਂ ਦੇ ਮੌਸਮ ਵਿੱਚ ਹਜ਼ਾਰਾਂ ਮੀਲਾਂ ਦਾ ਫ਼ਾਸਲਾ ਤਹਿ ਕਰਕੇ ਇਹ ਪੰਛੀ ਕੇਸ਼ੋਪੁਰ ਛੰਬ ਵਿੱਚ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਿਮਾਨ ਪੰਛੀਆਂ ਨੂੰ ਉਨ੍ਹਾਂ ਦੇ ਅਨੁਕੂਲ ਵਾਤਾਵਰਨ ਅਤੇ ਮਾਹੌਲ ਮੁਹੱਈਆ ਕਰਵਾਉਣਾ ਸਾਡਾ ਫਰਜ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਵਿਸ਼ੇਸ਼ ਉੱਪਰਾਲੇ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਅੰਦਰ ਸੈਰ ਸਪਾਟਾ ਲਈ ਅਥਾਹ ਸਮਰੱਥਾ ਹੈ ਜਿਸ ਨੂੰ ਵਰਤਿਆ ਨਹੀਂ ਗਿਆ ਅਤੇ ਹੁਣ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਇਹੋ ਕੋਸ਼ਿਸ਼ ਹੈ ਕਿ ਸੈਰ ਸਪਾਟਾ ਲਈ ਮੌਜੂਦ ਅਸੀਮ ਸੰਭਾਵਨਾਵਾਂ ਨੂੰ ਸੈਲਾਨੀਆਂ ਲਈ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਕੇਸ਼ੋਪੁਰ ਛੰਭ ਵਿਖੇ ਜੰਗਲੀ ਜੀਵ ਫ਼ੋਟੋਗਰਾਫ਼ਰਾਂ ਅਤੇ ਪੰਛੀ ਪ੍ਰੇਮੀ ਸੈਲਾਨੀਆਂ ਲਈ ਵਾਤਾਵਰਣ ਅਨੁਸਾਰ (ਈਕੋ ਫਰੈਂਡਲੀ) ਟਾਵਰ ਲਗਾਏ ਗਏ ਹਨ। ਇਸਦੇ ਨਾਲ ਹੀ ਇੱਥੇ 40 ਲੱਖ ਰੁਪਏ ਖ਼ਰਚ ਕਰਕੇ ਛੰਬ ਦਾ ਹੋਰ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਛੰਬ ਦੇ ਵਿਆਖਿਆ ਕੇਂਦਰ ਨੂੰ ਡਿਜੀਟਲ ਕੀਤਾ ਜਾਵੇਗਾ ਅਤੇ ਇੱਥੇ ਆਉਂਦੇ ਸਾਰੇ ਪ੍ਰਵਾਸੀ ਪੰਛੀਆਂ ਬਾਰੇ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਵਿਆਖਿਆ ਕੇਂਦਰ ਵਿੱਚ ਚਾਰ ਕਨਾਲ ਵਿੱਚ ਤਲਾਬ ਤਿਆਰ ਕਰਕੇ ਉਸ ਵਿੱਚ ਸੈਲਾਨੀਆਂ ਲਈ ਬੋਟਿੰਗ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਆਖਿਆ ਕੇਂਦਰ ਵਿੱਚ ਗੈਲਰੀ ਨੂੰ ਤਿਆਰ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਗਜ਼ੀਬੋ ਵੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏਥੇ ਆਉਣ ਵਾਲੇ ਦਰਸ਼ਕਾਂ ਲਈ ਵੇਰਕਾ ਦਾ ਬੂਥ ਵੀ ਸਥਾਪਤ ਕੀਤਾ ਗਿਆ ਹੈ। ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਸਾਡਾ ਨਿਸ਼ਾਨਾ ਪੰਜਾਬ ਦੀਆਂ ਜਲਗਾਹਾਂ ਨੂੰ ਸੈਰ ਸਪਾਟਾ ਦੇ ਨਕਸ਼ੇ ਉੱਪਰ ਲੈ ਕੇ ਆਉਣਾ ਹੈ, ਜਿਸ ਲਈ ਸੈਲਾਨੀਆਂ ਅਨੁਸਾਰ ਮਾਹੌਲ ਸਿਰਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੈਲਾਨੀਆਂ ਦੇ ਠਹਿਰਨ ਲਈ ਆਰਜ਼ੀ ਟੈਂਟਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਨਾਲ ਸੈਰ ਸਪਾਟਾ ਨੂੰ ਵੱਡਾ ਹੁਲਾਰਾ ਮਿਲੇਗਾ। ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕੇਸ਼ੋਪੁਰ ਛੰਬ ਲਈ 850 ਏਕੜ ਜ਼ਮੀਨ ਦੇਣ ਵਾਲੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਦਾਸਪੁਰ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਸਮੂਹਿਕ ਸਹਿਯੋਗ ਨਾਲ ਇਸ ਛੰਬ ਨੂੰ ਪ੍ਰਫੁਲਿਤ ਕੀਤਾ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਕੇਸ਼ੋਪੁਰ ਛੰਬ ਦਾ ਦੌਰਾ ਕਰਕੇ ਪ੍ਰਵਾਸੀ ਪੰਛੀਆਂ ਨੂੰ ਵੀ ਦੇਖਿਆ ਅਤੇ ਵਿਆਖਿਆ ਕੇਂਦਰ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਨੂੰ ਵੀ ਦੇਖਿਆ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਕੇਸ਼ੋਪੁਰ ਛੰਭ ਵਿਖੇ ਪੰਛੀਆਂ ਦਾ ਉਤਸਵ ਕਰਵਾ ਕੇ ਇਸ ਨਾਯਾਬ ਕੁਦਰਤੀ ਤੋਹਫੇ ਨੂੰ ਪ੍ਰਫੁੱਲਿਤ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਸ਼ੋਪੁਰ ਛੰਬ ਦੇ ਵਿਸਥਾਰ ਨਾਲ ਗੁਰਦਾਸਪੁਰ ਅੰਦਰ ਸੈਲਾਨੀਆਂ ਦੀ ਆਮਦ ਨੂੰ ਹੁਲਾਰਾ ਮਿਲੇਗਾ ਅਤੇ ਇੱਥੇ ਸੈਰ ਸਪਾਟਾ ਵਧਣ ਨਾਲ ਇਲਾਕੇ ਤੇ ਸ਼ਹਿਰ ਵਾਸੀਆਂ ਨੂੰ ਆਰਥਿਕ ਤੌਰ ਤੇ ਵੱਡਾ ਲਾਭ ਮਿਲੇਗਾ। ਇਸ ਮੌਕੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਸ੍ਰੀ ਆਰ.ਕੇ. ਮਿਸ਼ਰਾ ਅਤੇ ਸ੍ਰੀ ਧਰਮਿੰਦਰ ਧਰਮਾਂ ਨੇ ਵਿਭਾਗ ਵੱਲੋਂ ਕੇਸ਼ੋਪੁਰ ਛੰਬ ਦੇ ਵਿਕਾਸ ਅਤੇ ਸੂਬੇ ਭਰ ਵਿੱਚ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਉੱਪਰ ਵਿਸਥਾਰ ਵਿੱਚ ਚਾਨਣਾ ਪਾਇਆ। ਇਸ ਤੋਂ ਪਹਿਲਾਂ ਸਰਕਾਰੀ ਕਾਲਜ ਗੁਰਦਾਸਪੁਰ ਦੀਆਂ ਵਿਦਿਆਰਥਣਾਂ ਕਿਰਨਪ੍ਰੀਤ ਕੌਰ ਅਤੇ ਮੰਨਤ ਮਹਾਜਨ, ਸਰਕਾਰੀ ਪ੍ਰਾਇਮਰੀ ਸਕੂਲ ਲੇਹਲ ਦੀਆਂ ਵਿਦਿਆਰਥਣਾਂ ਜੀਵਕਾ ਤੇ ਪਲਕ ਨੇ ਪੰਛੀਆਂ ਅਤੇ ਵਾਤਾਵਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਅਖੀਰ ਵਿੱਚ ਆਏ ਮਹਿਮਾਨਾਂ ਤੇ ਬੁਲਾਰਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸ੍ਰੀ ਪਰਮਜੀਤ ਸਿੰਘ ਡੀ.ਐੱਫ.ਓ. ਵਾਇਲਡ ਲਾਈਫ਼ ਪਠਾਨਕੋਟ, ਸ੍ਰੀ ਅਟਲ ਮਹਾਜਨ ਡੀ.ਐੱਫ.ਓ. ਗੁਰਦਾਸਪੁਰ, ਸ੍ਰੀ ਰਾਜੇਸ਼ ਮਹਾਜਨ ਆਈ.ਐੱਫ.ਐੱਸ. ਡੀ.ਐੱਫ.ਓ. ਹੁਸ਼ਿਆਰਪੁਰ, ਸ੍ਰੀ ਲਖਵਿੰਦਰ ਸਿੰਘ ਡੀ.ਐੱਫ.ਓ. ਫ਼ਿਰੋਜ਼ਪੁਰ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।