ਬਲਵਿੰਦਰ ਗਿੱਲ ਹਾਲ ਚਾਲ ਜਾਨਣ ਲਈ ਕੈਬਨਿਟ ਮੰਤਰੀ  ਈ.ਟੀ.ਓ. ਹਸਪਤਾਲ ਵਿਖੇ ਪੁੱਜੇ 

ਅੰਮ੍ਰਿਤਸਰ, 17 ਅਪ੍ਰੈਲ : ਬੀਤੀ ਰਾਤ ਪੰਜਾਬ ਭਾਜਪਾ ਐਸ.ਸੀ. ਮੋਰਚੇ ਦੇ ਜਨਰਲ ਸਕੱਤਰ ਸ੍ਰੀ ਬਲਵਿੰਦਰ ਗਿੱਲ ਦੇ ਘਰ ਵਿੱਚ ਦਾਖਲ ਹੋ ਕੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਚਲਾਈ ਗਈ ਸੀ। ਜੋ ਕਿ ਉਨਾਂ ਦੇ ਜਬੜੇ ਵਿੱਚ ਲੱਗੀ ਸੀ, ਦਾ ਹਾਲ ਚਾਲ ਜਾਨਣ ਲਈ ਸ: ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ ਪੰਜਾਬ ਕੇ.ਡੀ. ਹਸਪਤਾਲ ਵਿਖੇ ਪੁੱਜੇ ਅਤੇ ਪ੍ਰਮਾਤਮਾ ਅਗੇ ਉਨਾਂ ਦੇ ਜਲਦ ਤੰਦਰੁਸਤ ਹੋਣ ਦੀ ਅਰਦਾਸ ਕੀਤੀ। ਸ: ਈ.ਟੀ.ਓ. ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਅਣਪਛਾਤੇ ਵਿਅਕਤੀਆਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਸਾਰੇ ਦੋਸ਼ੀ ਸ਼ਲਾਖਾਂ ਦੇ ਪਿੱਛੇ ਹੋਣਗੇ। ਸ: ਈ.ਟੀ.ਓ ਵਲੋਂ ਡਾਕਟਰਾਂ ਨਾਲ ਸ੍ਰੀ ਗਿੱਲ ਦੀ ਸਿਹਤ ਨੂੰ ਲੈ ਕੇ ਗੱਲਬਾਤ ਵੀ ਕੀਤੀ ਅਤੇ ਦੱਸਿਆ ਕਿ ਆਪਰੇਸ਼ਨ ਸਫ਼ਲ ਹੋ ਗਿਆ ਹੈ ਅਤੇ ਹੁਣ ਉਹ ਖਤਰੇ ਤੋਂ ਬਾਹਰ ਹਨ ਅਤੇ ਜਲਦੀ ਹੀ ਤੰਦਰੁਸਤ ਹੋ ਜਾਣਗੇ। ਉਨਾਂ ਕਿਹਾ ਕਿ ਮੈਨੂੰ ਰਾਤੀ ਜਦੋਂ ਹੀ ਘਟਣਾ ਦਾ ਪਤਾ ਲਗਾ ਤਾਂ ਉਸੇ ਸਮੇਂ ਹੀ ਐਸ.ਐਸ.ਪੀ. ਦਿਹਾਤੀ ਨੂੰ ਫੋਨ ਤੇ ਹਦਾਇਤ ਕੀਤੀ ਕਿ ਜਲਦ ਦੋਸ਼ੀਆਂ ਨੂੰ ਫੜਿਆ ਜਾਵੇ। ਜਿਸ ਤੇ ਕਾਰਵਾਈ ਕਰਦਿਆਂ ਵੱਖ-ਵੱਖ ਟੀਮਾਂ ਦੋਸ਼ੀਆਂ ਦੇ ਭਾਲ ਵਿੱਚ ਲੱਗ ਗਈਆਂ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸ: ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਸੂਬੇ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਪੂਰੀ ਤਰ੍ਹਾਂ ਮੁਸ਼ਤੈਦ ਹੈ ਅਤੇ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।