ਪਰਾਲੀ ਨਾ ਸਾੜਨ ਦਾ ਹੋਕਾ ਦੇਣ ਲਈ ਜਾਗਰੂਕਤਾ ਵੈਨਾਂ ਪਹੁੰਚੀਆਂ ਪਿੰਡ ਮਨਸੂਰ ਕੇ, ਨਾਥਪੁਰ , ਰਾਮਪੁਰ,ਚੀਮਾ, ਭਿੱਟੇਵੱਡ, ਥਿੰਦ,ਧਾਰੀਵਾਲ ਅਤੇ ਦੁਨੀਆ ਸੰਧੂ

  • ਪਰਾਲੀ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ ਦੀ ਕੀਤੀ ਅਪੀਲ

ਬਟਾਲਾ, 14 ਅਕਤੂਬਰ 2024 : ਡਿਪਟੀ ਕਮਿਸ਼ਨਰ ਗੁਰਦਾਸਪੁਰ, ਸ੍ਰੀ ਉਮਾ ਸ਼ੰਕਰ ਗੁਪਤਾ ਦੀ, ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਨਾ ਸਾੜਨ ਅਤੇ ਪਰਾਲੀ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਜਾਗਰੂਕਤਾ ਵੈਨਾਂ ਚਲਾਈਆਂ ਗਈਆਂ ਹਨ, ਜੋ ਅੱਜ ਬਲਾਕ ਕਾਦੀਆਂ ਦੇ ਪਿੰਡਾਂ ਮਨਸੂਰ ਕੇ, ਨਾਥਪੁਰ , ਰਾਮਪੁਰ,ਚੀਮਾ, ਭਿੱਟੇਵੱਡ,ਥਿੰਦ,ਧਾਰੀਵਾਲ,ਦੁਨੀਆ ਸੰਧੂ ਅਤੇ ਗਰੰਥਗੜ ਪਹੁੰਚੀਆਂ ਤੇ ਲੋਕਾਂ/ਕਿਸਾਨਾਂ ਨੂੰ ਜਾਗਰੂਕ ਕੀਤਾ। ਇਸ ਸਬੰਧੀ ਜਾਣਕਾਰੀ ਐਸਡੀਐਮ ਬਟਾਲਾ, ਵਿਕਰਮਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਤਿੰਨ ਪ੍ਰਚਾਰ ਵੈਨਾਂ ਰਵਾਨਾ ਚੱਲ ਰਹੀਆਂ ਹਨ ਅਤੇ ਜਾਗਰੂਕਤਾ ਵੈਨਾਂ ਰਾਹੀਂ ਝੋਨੇ ਦੀ ਪਰਾਲੀ ਨਾ ਸਾੜਨ ਦੇ ਨਾਲ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਇਹ ਵੈਨਾਂ ਲੋਕਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰ ਰਹੀਆਂ ਹਨ, ਜਿਨ੍ਹਾਂ ਵਿੱਚ ਆਡੀਓ ਸੰਦੇਸ਼ ਚਲਾਏ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਖੇਤਾਂ 'ਚ ਪਰਾਲੀ ਨੂੰ ਅੱਗ ਲਾਉਣ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ, ਕਿਉਂਕਿ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਅਤਿ-ਆਧੁਨਿਕ ਮਸ਼ੀਨਰੀ ਦੇ ਪੂਰੇ ਪੁਖ਼ਤਾ ਇੰਤਜਾਮ ਹਨ, ਇਸ ਦੇ ਬਾਵਜੂਦ ਵੀ ਜੇਕਰ ਕਿਸੇ ਕਿਸਾਨ ਨੇ ਖੇਤਾਂ ਵਿੱਚ ਅੱਗ ਲਗਾਈ ਤਾਂ ਉਸ ਵਿਰੁੱਧ ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਉਨ੍ਹਾਂ ਨੇ ਕਿਸਾਨਾਂ ਨੂੰ ਆਪਣੇ ਜੀਵਨ, ਵਾਤਾਵਰਣ ਤੇ ਧਰਤੀ ਨੂੰ ਸੰਭਾਲਣ ਲਈ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਜਾਂ ਜ਼ਮੀਨ ਵਿੱਚ ਹੀ ਵਾਹੁਣ 'ਤੇ ਜੋਰ ਦਿੰਦਿਆਂ ਕਿਹਾ ਕਿ ਦੋਵੇਂ ਤਕਨੀਕਾਂ ਨਾਲ ਪਰਾਲੀ ਦਾ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ ਲਈ ਉਪਲੱਬਧ ਮਸ਼ੀਨਰੀ ਦੀ ਪੂਰੀ ਸਮਰੱਥਾ ਨਾਲ ਵਰਤੋਂ ਕੀਤੀ ਜਾਵੇ।