ਸਵੀਪ ਮੁਹਿੰਮ ਤਹਿਤ ਜ਼ਿਲੇ ਦੇ ਵੋਟਰਾਂ ਨੂੰ ਕੀਤਾ ਜਾ ਰਿਹਾ ਚੋਣਾਂ ਸਬੰਧੀ ਜਾਗਰੂਕ—ਜ਼ਿਲਾ ਚੋਣ ਅਫਸਰ

  • ਵੋਟਰ ਨਿਡਰ ਹੋ ਕੇ ਕਰਨ ਵੋਟ ਦੇ ਅਧਿਕਾਰ ਦਾ ਇਸਤੇਮਾਲ
  • ਸੀ-ਵਿਜ਼ਲ ਐਪਲੀਕੇਸ਼ਨ ਨੂੰ ਹਰ ਇੱਕ ਵੋਟਰ ਕਰੇ ਡਾਊਨਲੋਡ

ਤਰਨਤਾਰਨ, 22 ਮਾਰਚ : ਅਗਾਮੀ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ, ਤਰਨਤਾਰਨ ਸ਼੍ਰੀ ਸੰਦੀਪ ਕੁਮਾਰ ਵੱਲੋਂ ਅੱਜ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਵੀਪ ਮੁਹਿੰਮ ਤਹਿਤ ਚੋਣਾਂ ਸਬੰਧੀ ਜਾਗਰੂਕਤਾ ਫੈਲਾਉਣ ਲਈ ਵੱਖ ਵੱਖ ਗਤੀਵਿਧੀਆਂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਜ਼ਿਲਾ ਚੋਣ ਦਫਤਰ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਪੂਰੀ ਤਰਾਂ ਤਿਆਰ ਅਤੇ ਮੁਸਤੈਦ ਹੈ ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਕੀਤੇ ਇਸ ਵਾਰ, 70 ਪਾਰ ਦੇ ਪੋਲਿੰਗ ਟੀਚੇ ਨੂੰ ਪਾਉਣ ਲਈ ਹਰ ਇੱਕ ਵੋਟਰ ਪਾਸੋਂ ਸਹਿਯੋਗ ਦੀ ਉਮੀਦ ਕਰਦਾ ਹੈ। ਉਨਾਂ ਦੱਸਿਆ ਕਿ ਜ਼ਿਲਾ ਚੋਣ ਅਧਿਕਾਰੀਆਂ ਵੱਲੋਂ ਚੋਣਾਂ ਦੇ ਸਬੰਧ ਵਿੱਚ ਜ਼ਿਲੇ ਦੇ ਵੱਖ ਵੱਖ ਪੋਲਿੰਗ ਸਟੇਸ਼ਨਾਂ ਦਾ ਜਾਇਜ਼ਾ ਲਿਆ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਚੋਣਾਂ ਵਾਲੇ ਦਿਨ ਹਰ ਇੱਕ ਵੋਟਰ ਲਈ ਲੋੜੀਂਦੀਆਂ ਸਹੂਲਤਾਂ ਪੋਲਿੰਗ ਸਟੇਸ਼ਨ ‘ਤੇ ਮੌਜੂਦ ਹੋਣ। ਉਨਾ ਕਿਹਾ ਕਿ ਚੋਣਾਂ ਸਬੰਧੀ ਬੀ.ਐਲ.ਓਜ਼ ਨੂੰ ਹਦਾਇਤ ਕੀਤੀ  ਹੈ ਕਿ ਉਹ ਆਪਣੇ ਆਪਣੇ ਖੇਤਰਾਂ ਦੇ ਵਿੱਚ ਵੋਟਰਾਂ ਵਿੱਚ ਚੋਣਾਂ ਨੂੰ ਲੈ ਕੇ ਉਤਸ਼ਾਹ ਨਾਲ ਪ੍ਰਚਾਰ ਅਤੇ ਪ੍ਰਸਾਰ ਕਰਨ ਤਾਂ ਜੋ ਵੱਧ ਤੋਂ ਵੱਧ ਵੋਟਰ ਚੋਣਾਂ ਵਾਲੇ ਦਿਨ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਡਰ ਭੈਅ ਤੋਂ ਨਿਡਰ ਹੋ ਕੇ ਕਰਨ। ਜ਼ਿਲਾ ਚੋਣ ਅਫਸਰ, ਸ਼੍ਰੀ ਸੰਦੀਪ ਕੁਮਾਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਕਰਦਿਆਂ ਕਿਹਾ ਕਿ ਉਹ ਜਦੋਂ ਵੀ ਪਿੰਡਾਂ ਦੇ ਵਿੱਚ ਚੋਣ ਪ੍ਰਕਿਰਿਆ ਲਈ ਜਾਣ ਤਾਂ ਉਥੇ ਦੇ ਵੋਟਰਾਂ ਨੂੰ ਚੋਣਾਂ ਪ੍ਰਤੀ ਜਾਗਰੂਕ ਕਰਨ।ਉਨਾ ਵੱਖ ਵੱਖ ਸਿੱਖਿਅਕ ਅਦਾਰਿਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸੰਸਥਾਵਾਂ ਦੇ ਮੁੱਖੀ ਰੋਜ਼ਾਨਾ ਸਵੀਪ ਮੁਹਿੰਮ ਤਹਿਤ ਜਾਗਰੂਕਤਾ ਰੈਲੀਆਂ ਅਤੇ ਸੈਮੀਨਾਰ ਕਰਵਾਉਣ ਤਾਂ ਜੋ ਨੌਜਵਾਨ ਵੋਟਰਾਂ ਨੂੰ ਚੋਣਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ ਜਾ ਸਕੇ। ਜ਼ਿਲਾ ਚੋਣ ਦਫਤਰ ਵੱਲੋਂ ਵੱਖ ਵੱਖ ਜਨਤਕ ਸਥਾਨਾਂ ‘ਤੇ ਪ੍ਰਦਰਸ਼ਨੀਆਂ ਲਗਾ ਕੇ ਵੀ ਵੋਟਰਾਂ ਨੂੰ ਚੋਣ ਪ੍ਰਕਿਿਰਆ ਈ.ਵੀ.ਐਮ ਅਤੇ ਵੀ.ਵੀ.ਪੈਟ ਬਾਰੇ ਜਾਣੂ ਕਰਵਾਇਆ ਰਿਹਾ ਹੈ।ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਜ਼ਿਲਾ੍ਹ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਿਕਾਇਤ ਸੈਲ, ਪਰਮਿਸ਼ਨ ਸੈਲ ਅਤੇ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਸੈਲ ਸਥਾਪਿਤ ਕੀਤੇ ਗਏ ਤਾਂ ਜੋ ਚੋਣਾਂ ਨੂੰ ਵਧੀਆ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜਾਇਆ ਜਾ ਸਕੇ। ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਜ਼ਿਲੇ ਦੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਇਸ ਦੀ ਉਲੰਘਣਾ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇ।ਉਨਾਂ ਕਿਹਾ ਕਿ ਚੋਣ ਜ਼ਾਬਤਾ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਵਿਰੁੱਧ ਨਿਯਮਾਂ ਅਨੁਸਾਰ ਢੁਕਵੀ ਕਾਰਵਾਈ ਤੁਰੰਤ ਕੀਤੀ ਜਾਵੇਗੀ। ਸ਼੍ਰੀ ਕੁਮਾਰ ਨੇ ਵੋਟਰਾਂ ਨੂੰ ਅਪੀਲ ਕਰਦਿਆ ਭਾਰਤ ਚੋਣ ਕਮਿਸ਼ਨ ਦੀ ਸੀ-ਵਿਜ਼ਲ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਦੀ ਅਪੀਲ ਕੀਤੀ, ਉਨਾਂ ਕਿਹਾ ਕਿ ਇਸ ਐਪਲੀਕੇਸ਼ਨ ਰਾਹੀ ਵੋਟਰ ਕਿਸੇ ਤਰਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਕਰ ਸਕਦਾ ਹੈ ਅਤੇ ਪ੍ਰਸ਼ਾਸਨ ਵੱਲੋਂ ਸਬੰਧਤ ਸ਼ਿਕਾਇਤ ਦਾ ਨਿਪਟਾਰਾ 100 ਮਿੰਟਾਂ ਦੇ ਵਿੱਚ ਕੀਤਾ ਜਾਵੇਗਾ।