ਅਟਾਰੀ ਦੇ ਨੌਜਵਾਨ ਦੀ ਫਿਲੀਪੀਨਜ਼ ਵਿਚ ਸੜਕ ਹਾਦਸੇ 'ਚ ਮੌਤ 

ਅਟਾਰੀ, 07 ਨਵੰਬਰ : ਅੰਮ੍ਰਿਤਸਰ ਦੇ ਅਟਾਰੀ ਦੇ ਨੌਜਵਾਨ ਦੀ ਫਿਲੀਪੀਨਜ਼ ਦੇ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ, ਜਿਸ ਦੇ ਚਲਦਿਆਂ ਪਰਿਵਾਰਿਕ ਮੈਂਬਰਾਂ 'ਤੇ ਦੁੱਖਾਂ ਦਾਰੋ ਰੋ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਵਿਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ। ਪਿੰਡ ਦੇ ਲੋਕ ਪੀੜਿਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪੁਹੰਚ ਰਹੇ ਹਨ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਜਸਪਿੰਦਰ ਸਿੰਘ 6 ਸਾਲ ਪਹਿਲਾਂ ਮਨੀਲਾ ਦੇ ਫਿਲੀਪੀਨਜ਼ ਇਲਾਕੇ ਵਿਚ ਘਰ ਦੇ ਮਾੜੇ ਹਲਾਤਾਂ ਨੂੰ ਸੁਧਾਰਨ ਤੇ ਆਪਣੇ ਸੁਨਹਿਰੀ ਭਵਿੱਖ ਲਈ ਗਿਆ ਸੀ ਪਰ ਹੋਨੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਉਹ ਫਾਇਨੈਂਸ ਕੰਪਨੀ ਵਿਚ ਕੰਮ ਕਰਦਾ ਸੀ ਤੇ ਐਤਵਾਰ ਨੂੰ ਘਰ ਆਉਂਦੇ ਸਮੇਂ ਪਹਾੜੀ ਇਲਾਕੇ ਵਿਚ ਉਸ ਦੇ ਮੋਟਰਸਾਇਕਲ ਦੀ ਬਰੇਕ ਫੇਲ੍ਹ ਹੋ ਜਾਣ ਕਰਕੇ ਸੜਕ ਦੇ ਕਿਨਾਰਿਆਂ ਤੇ ਲੱਗੇ ਡੰਡਿਆਂ ਨਾਲ ਉਸ ਦਾ ਸਿਰ ਟਕਰਾ ਗਿਆ ਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਲਾਜ ਲਈ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪਰਵਾਰਿਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦੀ ਜਾਵੇ ਤਾਂ ਜੋ ਉਹ ਆਪਣੇ ਲੜਕੇ ਦਾ ਅੰਤਿਮ ਸਸਕਾਰ ਕਰ ਸਕਣ।