ਜੰਡਿਆਲਾ ‘ਚ ਏ.ਐਸ.ਆਈ ਦਾ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ, ਪੁਲਿਸ ਨੇ ਤਿੰਨ ਨੂੰ ਕੀਤਾ ਨਾਮਜਦ

ਜੰਡਿਆਲਾ, 17 ਨਵੰਬਰ  : ਅੰਮ੍ਰਿਤਸਰ ਦੇ ਥਾਣਾ ਜੰਡਿਆਲਾ ਅਧੀਨ ਪੈਂਦੀ ਨਵਾਂ ਪਿੰਡ ਪੁਲਿਸ ਚੌਂਕੀ ‘ਚ ਏ.ਐਸ.ਆਈ ਸਵਰੂਪ ਸਿੰਘ ਦਾ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਬੀਤੀ ਦੇਰ ਰਾਤ ਵਾਪਰੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਜਾਣਕਾਰੀ ਮਿਲੀ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਤਲਾਸ਼ੀ ਦੌਰਾਨ ਪੁਲਸ ਨੇ ਇਕ ਦੋਸ਼ੀ ਦੇ ਘਰੋਂ ਖੂਨ ਨਾਲ ਲੱਥਪੱਥ ਕੱਪੜੇ ਵੀ ਬਰਾਮਦ ਕੀਤੇ ਹਨ। ਦੱਸ ਦਈਏ ਕਿ ਸ਼ੁੱਕਰਵਾਰ ਦੀ ਸਵੇਰ ਸਵਰੂਪ ਸਿੰਘ ਦੀ ਲਾਸ਼ ਖਾਨਕੋਟ ਨਵਾਂਪਿੰਡ ਡਰੇਨ ਨੇੜਿਓਂ ਬਰਾਮਦ ਹੋਈ। ਸੂਚਨਾ ਮਿਲਦੇ ਹੀ ਐੱਸ. ਐੱਸ. ਪੀ ਸਤਿੰਦਰ ਸਿੰਘ, ਐੱਸ.ਪੀ ਗੁਰਪ੍ਰਤਾਪ ਸਹੋਤਾ ਅਤੇ ਹੋਰ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ। ਐਸ.ਐਸ.ਪੀ. ਸਤਿੰਦਰ ਸਿੰਘ ਕਤਲ ਕੇਸ ਨੂੰ ਸੁਲਝਾਉਣ ਲਈ ਵੱਖ-ਵੱਖ ਟੀਮਾਂ ਬਣਾਈਆਂ। ਏ.ਐਸ.ਆਈ ਸਰੂਪ ਸਿੰਘ ਕਤਲ ਕਾਂਡ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾ ਲਿਆ ਗਿਆ ਹੈ। ਐੱਸ.ਪੀ. ਗੁਰਪ੍ਰਤਾਪ ਸਹੋਤਾ ਨੇ ਦੱਸਿਆ ਕਿ ਏ. ਐੱਸ. ਆਈ. ਸਰੂਪ ਸਿੰਘ ਦਾ ਬੇਟਾ ਬੈਂਗਲੁਰੂ ਵਿੱਚ ਇੱਕ ਸਾਫਟਵੇਅਰ ਕੰਪਨੀ ਵਿੱਚ ਕੰਮ ਕਰਦਾ ਹੈ। ਉਸ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਬੀਤੀ ਰਾਤ ਏ.ਐਸ.ਆਈ. ਸਰੂਪ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ। ਉਨ੍ਹਾਂ ਦੀ ਫ਼ੋਨ ‘ਤੇ ਤਿੱਖੀ ਬਹਿਸ ਹੋ ਗਈ। ਇਸ ਤੋਂ ਬਾਅਦ ਰਾਤ ਕਰੀਬ 8.30 ਵਜੇ ਉਹ ਇਹ ਕਹਿ ਕੇ ਘਰ ਤੋਂ ਚਲਾ ਗਿਆ ਕਿ ਉਸ ਨੇ ਪੁਲਿਸ ਦੀ ਫਾਈਲ ਥਾਣੇ ਦੇਣੀ ਹੈ। ਜਦੋਂ ਦੇਰ ਰਾਤ ਤੱਕ ਉਹ ਵਾਪਸ ਨਾ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਫੋਨ ਕੀਤਾ। ਪਰ ਏ.ਐਸ.ਆਈ ਸਰੂਪ ਸਿੰਘ ਦਾ ਫ਼ੋਨ ਸਵਿੱਚ ਆਫ਼ ਆ ਰਿਹਾ ਸੀ। ਇਸ ਤੋਂ ਬਾਅਦ ਜਦੋਂ ਥਾਣੇਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਸਰੂਪ ਸਿੰਘ ਉਥੇ ਨਹੀਂ ਪਹੁੰਚਿਆ। ਐਸ.ਪੀ ਸਹੋਤਾ ਨੇ ਦੱਸਿਆ ਕਿ ਰਾਤ ਸਮੇਂ ਏ.ਐਸ.ਆਈ. ਸਰੂਪ ਸਿੰਘ ਦੀ ਭਾਲ ਕੀਤੀ ਗਈ। ਪਰ ਸਵੇਰੇ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ। ਐੱਸ.ਪੀ. ਸਹੋਤਾ ਨੇ ਦੱਸਿਆ ਕਿ ਜਾਂਚ ਦੌਰਾਨ ਤਿੰਨ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ।ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਦੀ ਪਛਾਣ ਸ਼ਰਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਦਸਮੇਸ਼ ਨਗਰ ਥਾਣਾ ਤਰਸਿੱਕਾ, ਵਿਸ਼ਾਲਦੀਪ ਸਿੰਘ ਪੁੱਤਰ ਸੁੱਚਾ ਸਿੰਘ ਅਤੇ ਵੰਸ਼ ਦੋਵੇਂ ਵਾਸੀ ਅਕਾਲਗੜ੍ਹ ਥਪਿਓ ਥਾਣਾ ਜਡਿਆਲਾ ਗੁਰੂ ਵਜੋਂ ਹੋਈ ਹੈ। ਐੱਸ.ਪੀ. ਸਹੋਤਾ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਵਿਸ਼ਾਲਦੀਪ ਦੇ ਘਰੋਂ ਖੂਨ ਨਾਲ ਲੱਥਪੱਥ ਕਮੀਜ਼ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨਾਂ ਵਿੱਚੋਂ ਏ.ਐਸ.ਆਈ. ਸਰੂਪ ਸਿੰਘ ਨਾਲ ਨਿੱਜੀ ਦੁਸ਼ਮਣੀ ਸੀ। ਫਿਲਹਾਲ ਤਿੰਨਾਂ ਦੋਸ਼ੀਆਂ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਘਟਨਾ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ।