ਕਿਸੇ ਵੀ ਤਰਾਂ ਦੀ ਨਵੀਂ ਜਮੀਨੀ ਪੱਧਰ ਦੀ ਖੋਜ ਲਈ ਐਵਾਰਡ ਲੈਣ ਵਾਸਤੇ 31 ਜਨਵਰੀ ਤੱਕ ਅਪਲਾਈ ਕੀਤਾ ਜਾ ਸਕਦਾ : ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 8 ਜਨਵਰੀ : ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨ ਕੌਰ ਨੇ ਜਿਲ੍ਹੇ ਦੇ ਵੱਡੇ ਵਿਦਿਅਕ ਅਦਾਰਿਆਂ ਤੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਕਰਦੇ ਦੱਸਿਆ ਕਿ ਵਾਤਾਵਰਣ, ਸਾਇੰਸ ਤੇ ਤਕਨਾਲੋਜੀ ਵਿਭਾਗ ਪੰਜਾਬ ਵੱਲੋਂ ਕਿਸੇ ਵੀ ਤਰਾਂ ਦੀ ਅਜਿਹੀ ਖੋਜ ਜੋ ਕਿ ਸਮਾਜ ਦੇ ਕੰਮ ਆ ਸਕਦੀ ਹੋਵੇ ਜਾਂ ਕਿਸੇ ਵੀ ਕਿੱਤੇ ਵਿਚ ਵਰਤੀ ਜਾ ਸਕਦੀ ਹੋਵੇ ਲਈ ‘ਗਰਾਸ ਰੂਟ ਇਨੋਵੇਸ਼ਨ ਆਫ ਪੰਜਾਬ’ (ਗਰਿੱਪ) ਐਵਾਰਡ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਲਈ 31 ਜਨਵਰੀ ਤੱਕ ਬਿਨੈ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਸ਼ਰਤ ਇਹ ਹੈ ਕਿ ਖੋਜੀ ਸਾਇੰਸ ਨਾਲ ਸਬੰਧਤ ਖੇਤਰ ਜਾਂ ਵਿਭਾਗ ਵਿਚੋਂ ਨਹੀਂ ਹੋਣਾ ਚਾਹੀਦਾ, ਬਲਕਿ ਜਨ ਸਧਾਰਨ ਜਾਂ ਸਾਇੰਸ ਤੋਂ ਇਲਾਵਾ ਕਿਸੇ ਹੋਰ ਵਿਭਾਗ ਨਾਲ ਸੰਬਧਤ ਕੋਈ ਵੀ ਕਿੱਤਾਕਾਰ, ਜਿਵੇਂ ਕਿਸਾਨ, ਕਾਰਖਾਨੇਦਾਰ, ਮਿਸਤਰੀ, ਵਿਦਿਆਰਥੀ ਆਦਿ ਹੋ ਸਕਦਾ ਹੈ। ਉਨਾਂ ਦੱਸਿਆ ਕਿ ਇਸ ਤਰਾਂ ਚੁਣੇ ਗਏ ਖੋਜੀ ਨੂੰ ਜਿੱਥੇ ਇਨਾਮ ਦਿੱਤਾ ਜਾਵੇਗਾ, ਉਥੇ ਉਸਦੀ ਖੋਜ ਦੀ ਪੇਟੈਂਟ ਕਰਵਾਈ ਜਾਵੇਗੀ, ਉਸਦੀ ਖੋਜ ਨੂੰ ਪ੍ਰਚਾਰਿਆ-ਪਸਾਰਿਆ ਜਾਵੇਗਾ। ਇਸ ਮੌਕੇ ਮੰਤਰਾਲੇ ਦੇ ਅਧਿਕਾਰੀ ਡਾ. ਅਕਲੇਸ਼ ਨੇ ਦੱਸਿਆ ਕਿ ਅਜਿਹੀ ਜਨਸਧਾਰਨ ਵਿਅਕਤੀਆਂ ਵੱਲੋਂ ਕੀਤੀਆਂ ਗਈਆਂ ਕਾਢਾਂ ਲੋਕਾਂ ਦੀ ਵਰਤੋਂ ਦੇ ਜ਼ਿਆਦਾ ਨੇੜੇ ਅਤੇ ਪ੍ਰੈਕਟੀਕਲ ਹੁੰਦੀਆਂ ਹਨ, ਜਿੰਨਾ ਦੀ ਵਰਤੋਂ ਕਰਨੀ ਆਮ ਵਿਅਕਤੀ ਲਈ ਵੀ ਸੌਖੀ ਤੇ ਸਸਤੀ ਹੁੰਦੀ ਹੈ, ਸੋ ਅਜਿਹੇ ਉਦਮੀਆਂ ਨੂੰ ਅੱਗੇ ਲਿਆਉਣਾ ਜਰੂਰੀ ਹੈ। ਉਨਾਂ ਕਿਹਾ ਕਿ ਅਜਿਹੇ ਉਦਮ ਰੋਜ਼ਾਗਰ ਪੈਦਾ ਕਰਨ ਅਤੇ ਕੰਮਕਾਰ  ਸੌਖਾ ਕਰਨ ਵਿਚ ਵੀ ਬਹੁਤ ਸਹਾਈ ਹੁੰਦੇ ਹਨ। ਉਨਾਂ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਰਾਜ ਇਨੋਵੇਸ਼ਨ ਕੌਂਸਲ ਵੱਲੋਂ ਸ਼ੁਰੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਐਵਾਰਡ ਲਈ ਬਿਨੈ ਕਰਨ ਵਾਸਤੇ ਵਿਭਾਗ ਦੀ ਵੈਬਸਾਈਟ https://pscst.punjab.gov.in/en/grip ਉਤੇ ਪਹੁੰਚ ਕੀਤੀ ਜਾ ਸਕਦੀ ਹੈ। ਡਾ. ਅਲਕੇਸ਼  ਨੇ ਇਸ ਲਈ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਸਿੱਖਿਆ ਅਦਾਰਿਆਂ ਦੇ ਮੁਖੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਆਮ ਲੋਕਾਂ ਦੇ ਉਤਪਾਦਾਂ ਨੂੰ ਨਵੀ ਉਚਾਨ ਦਿੱਤੀ ਜਾ ਸਕੇ।