ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਚ ਅੱਜ ਫਿਰ ਹੋਇਆ ਧਮਾਕਾ

ਅੰਮ੍ਰਿਤਸਰ, 8 ਮਈ : ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਮਾਰਗ ‘ਤੇ 32 ਘੰਟਿਆਂ ਬਾਅਦ ਮੁੜ ਧਮਾਕਾ ਹੋਇਆ ਹੈ। ਸਵੇਰ ਦਾ ਸਮਾਂ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਧਮਾਕਾ ਉਸੇ ਥਾਂ ਦੇ ਨੇੜੇ ਹੋਇਆ ਜਿੱਥੇ ਸ਼ਨੀਵਾਰ ਦੇਰ ਰਾਤ ਇਹ ਘਟਨਾ ਵਾਪਰੀ ਸੀ। ਹੁਣ ਤੱਕ ਪੁਲਿਸ ਪਹਿਲੇ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੀ ਹੈ ਅਤੇ ਇਸ ਦੌਰਾਨ ਹੁਣ ਫਿਰ ਇਹ ਧਮਾਕਾ ਹੋਇਆ ਹੈ। ਸਵੇਰੇ ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਖੁਦ ਮੌਕੇ ‘ਤੇ ਪਹੁੰਚ ਗਏ। ਡਿਟੈਕਟਿਵ ਡੀਸੀਪੀ ਅਤੇ ਏਸੀਪੀ ਗੁਰਿੰਦਰਪਾਲ ਸਿੰਘ ਨਾਗਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਹਨ। ਘਟਨਾ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੇ ਬੰਬ ਨਿਰੋਧਕ ਦਸਤੇ ਅਤੇ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ। ਮੈਟਲ ਡਿਟੈਕਟਰ ਨਾਲ ਆਲੇ-ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਸੀਵਰੇਜ ਲਾਈਨਾਂ ਅਤੇ ਗਟਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਧਮਾਕੇ ਦੇ ਕਾਰਨਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।