ਅੰਮ੍ਰਿਤਸਰ ਪੁਲਿਸ ਨੇ  14.55 ਲੱਖ ਰੁਪਏ ਦੀ ਡਰੱਗ ਮਨੀ ਤੇ ਹਥਿਆਰਾਂ ਸਮੇਤ 9 ਵਿਆਕਤੀਆਂ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ, 20 ਨਵੰਬਰ : ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਕਪਤਾਨ ਸਤਿੰਦਰ ਸਿੰਘ ਤੋਂ ਮਿਲੇ ਨਿਰਦੇਸ਼ਾਂ ਮੁਤਾਬਕ ਪੁਲਿਸ ਨੇ ਕਈ ਨਸ਼ਾ ਤਸਕਰਾਂ ਨੂੰ ਡਰੱਗ ਮਨੀ ਸਣੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਦੇ ਤਾਰ ਪੂਰੇ ਪੰਜਾਬ ਨਾਲ ਜੁੜੇ ਹੋਏ ਸਨ ਜਿਸ ਨਾਲ ਇਹ ਨਸ਼ੀਲੇ ਪਦਾਰਥ ਤੇ ਪੈਸਿਆਂ ਦਾ ਲੈਣ-ਦੇਣ ਕਰਦੇ ਸਨ। ਦੱਸ ਦੇਈਏ ਕਿ ਥਾਣਾ ਲੋਪੋਕੋ ਨੂੰ 11 ਨਵੰਬਰ 2023 ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕੱਕੜ ਕਲਾ, ਗੁਰਜੰਟ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਨਾਥੂਪੁਰਾ ਤਸਕਰਾਂ ਤੋਂ ਹੈਰੋਇਨ ਖਰੀਦਦੇ ਤੇ ਵੇਚਦੇ ਹਨ ਤੇ ਉਨ੍ਹਾਂ ਨੂੰ ਛੇਹਰਟਾ ਦੇ ਤਨਵੀਰ ਸਿੰਘ ਨੂੰ ਹੈਰੋਇਨ ਤੇ ਕੁਝ ਰਕਮ ਦੀ ਸਪਲਾਈ ਕੀਤੀ ਹੈ। ਮੁੱਖ ਅਧਿਕਾਰੀ ਲੋਪੋਕੇ ਨੇ ਬਲਦੇਵ ਸਿੰਘ ਤੇ ਗੁਰਜੰਟ ਸਿੰਘ ਨੂੰ 20,800 ਰੁਪਏ ਤੇ ਇਕ ਮੋਟਰਸਾਈਕਲ ਨਾਲ ਗ੍ਰਿਫਤਾਰ ਕੀਤਾ ਹੈ। ਤੀਜੇ ਮੁਲਜ਼ਮ ਤਨਵੀਰ ਸਿੰਘ ਵਾਸੀ ਛੇਹਰਟਾ ਨੂੰ ਥਾਣਾ ਲੋਪੋਕੇ ਦੀ ਪੁਲਿਸ ਨੇ 110 ਗ੍ਰਾਮ ਹੈਰੋਇਨ ਤੇ 2,75,100 ਰੁਪਏ ਦੀ ਡਰੱਗ ਮਨੀ ਸਣੇ ਪਹਿਲਾਂ ਹੀ ਗ੍ਰਿਫਤਾਰ ਕੀਤਾ ਸੀ। ਇਸ ਗਿਰੋਹ ਤੋਂ ਕੁੱਲ 14.55 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਸ਼ੁਰੂਆਤ ਵਿਚ ਕੁਝ ਤਸਕਰਾਂ ਨੂੰਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਨੂੰ ਖੰਗਾਲਿਆ ਗਿਆ ਸੀ। ਜਿਸ ਦੇ ਬਾਅਦ ਕੁਝ ਅਜਿਹੇ ਵਿਅਕਤੀ ਵੀ ਮਿਲੇ ਜੋ ਹਵਾਲਾ ਜ਼ਰੀਏ ਪੈਸਿਆਂ ਨੂੰ ਕ੍ਰਾਸ ਬਾਰਡਰ ਭੇਜਣ ਦਾ ਕੰਮ ਕਰਦੇ ਸਨ। ਪੁਲਿਸ ਨੇ ਦੱਸਿਆ ਕਿ ਇਸ ਪੂਰੀ ਕਾਰਵਾਈ ਵਿਚ ਕੁੱਲ 9 ਲੋਕ ਫੜੇ ਗਏ ਹਨ ਜਿਨ੍ਹਾਂ ਤੋਂ ਇਕ ਕਾਰ ਤੇ ਬਾਈਕ ਵੀ ਰਿਕਵਰ ਕੀਤਾ ਗਿਆ ਹੈ। ਇਨ੍ਹਾਂ ਤਸਕਰਾਂ ਦੇ ਪਾਕਿਸਤਾਨ ਨਾਲ ਲਿੰਕ ਸਾਹਮਣੇ ਆਏ ਹਨ। ਮੁਲਜ਼ਮਾਂ ਤੋਂ ਜ਼ਬਤ ਕੀਤੀ ਗਈ ਡੋਂਗਲ ਜ਼ਰੀਏ ਇਹ ਤਸਕਰ ਆਪਣੇ ਮੋਬਾਈਲਾਂ ‘ਤੇ ਬਿਨਾਂ ਸਿਮ ਦੇ ਇੰਟਰਨੈੱਟ ਦਾ ਇਸਤੇਮਾਲ ਕਰਦੇ ਸਨ ਤੇ ਪਾਕਿਸਤਾਨ ਵਿਚ ਬੈਠੇ ਤਸਕਰਾਂ ਨਾਲ ਗੱਲਾਂ ਕਰਦੇ ਸਨ।