ਆਲ ਇੰਡੀਆ ਵੂਮੈਨ ਕਾਨਫਰੰਸ ਦੀਆਂ ਸਿਖਿਆਰਥਣਾਂ ਨੂੰ ਤਕਨੀਕੀ ਕੋਰਸਾਂ ਬਾਰੇ ਜਾਣਕਾਰੀ ਅਤੇ ਹੁਨਰ ਵਿਕਾਸ ਲਈ ਪ੍ਰੇਰਿਤ ਕੀਤਾ

  • ਮਿੱਥੇ ਹੋਏ ਉਦੇਸ਼ ਦੀ ਪ੍ਰਾਪਤੀ ਲਈ ਲਗਾਤਾਰ ਯਤਨ ਜਰੂਰੀ: ਪ੍ਰੋ ਜਸਬੀਰ ਸਿੰਘ

ਬਟਾਲਾ,13 ਜੂਨ , 2024 : ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਦੇ ਪ੍ਰਧਾਨ ਸ਼੍ਰੀਮਤੀ ਨਰਿੰਦਰ ਕੌਰ ਮਲ੍ਹੀ ਵੱਲ਼ੋਂ ਸਿਖਿਆਰਥਣਾਂ ਨੂੰ ਹੁਨਰ ਵਿਕਾਸ ਵੱਲ ਪ੍ਰੇਰਿਤ ਕਰਨ ਅਤੇ ਤਕਨੀਕੀ ਸਿਖਿਆ ਅਧੀਨ ਡਿਪਲੋਮਾ ਕੋਰਸਾਂ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਜਾਣਕਾਰੀ ਦੇਣ ਲਈ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਤੋਂ ਪਲੇਸਮੈਂਟ ਅਫਸਰ ਜਸਬੀਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਪ੍ਰੋ ਜਸਬੀਰ ਸਿੰਘ ਨੇ ਸਿਖਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਨਰ ਵਿਕਾਸ ਸਮੇਂ ਦੀ ਲੋੜ ਹੈ ਅਤੇ ਉਹਨਾਂ ਦਾ ਆਉਣ ਵਾਲਾ ਭਵਿੱਖ ਅੱਜ ਦੀ ਉਹਨਾਂ ਦੀ ਕੀਤੀ ਗਈ ਮਿਹਨਤ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਮਿੱਥੇ ਹੋਏ ਉਦੇਸ਼ ਦੀ ਪ੍ਰਾਪਤੀ ਲਈ ਲਗਾਤਾਰ ਯਤਨ ਜਰੂਰੀ ਹਨ ਅਤੇ ਨਿਰੰਤਰ ਆਪਣੇ ਵਿੱਚ ਬਿਹਤਰੀ ਲਿਆਉਣਾ ਹੀ ਸਫਲਤਾ ਦੀ ਕੁੰਜੀ ਹੈ। ਇਸ ਤੋਂ ਇਲਾਵਾ ਪ੍ਰੋ ਜਸਬੀਰ ਸਿੰਘ ਨੇ ਸਰਕਾਰੀ ਪੋਲੀਟੈਕਨੀਕਲ ਕਾਲਜ ਬਟਾਲਾ ਵਿੱਚ ਚੱਲ ਰਹੇ ਕੋਰਸਾਂ ਸਬੰਧੀ ਵੀ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਮਕੈਨੀਕਲ, ਇਲੈਕਟ੍ਰੀਕਲ, ਸਿਵਲ, ਈ.ਸੀ.ਈ ਅਤੇ ਕੈਮੀਕਲ ਦੇ ਤਿੰਨ ਸਾਲਾ ਡਿਪਲੋਮਾਂ ਕੋਰਸ ਚੱਲਦੇ ਹਨ ਅਤੇ ਪਿਛਲੇ ਸਾਲਾਂ ਵਿੱਚ ਜਿਆਦਾਤਰ ਵਿਦਿਆਰਥੀਆਂ ਨੂੰ ਕੋਰਸ ਦੇ ਆਖਰੀ ਸਾਲ ਦੌਰਾਨ ਹੀ ਆਨ-ਕੈਂਪਸ ਅਤੇ ਆਫ-ਕੈਂਪਸ ਪਲੇਸਮੈਂਟ ਰਾਹੀਂ ਨੌਕਰੀਆਂ ਦਵਾਈਆਂ ਗਈਆਂ ਹਨ। ਉਨਾਂ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਵੱਖ-ਵੱਖ ਖੇਤਰਾਂ ਵਿੱਚ ਹੁਨਰਮੰਦ ਨੌਜਵਾਨਾਂ ਦੀ ਬਹੁਤ ਲੋੜ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਹੁਨਰਮੰਦ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ਵਿੱਚ ਜਿਥੇ ਆਪਣੇ ਲਈ ਰੁਜ਼ਗਾਰ ਪ੍ਰਾਪਤ ਸਕਣ ਉਥੇ ਨਾਲ ਹੀ ਹੋਰਨਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਣ। ਸੈਮੀਨਾਰ ਦੀ ਸਮਾਪਤੀ ਕਰਦਿਆਂ ਪ੍ਰਧਾਨ ਸ਼੍ਰੀਮਤੀ ਨਰਿੰਦਰ ਕੌਰ ਮਲ੍ਹੀ ਨੇ ਆਏ ਹੋਏ ਮਾਹਿਰ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਦੇ ਪ੍ਰਿੰਸੀਪਲ ਸ਼੍ਰੀ ਦਵਿੰਦਰ ਸਿੰਘ ਭੱਟੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਸੈਮੀਨਾਰ ਦੌਰਾਨ ਸੋਸਾਇਟੀ ਮੈਂਬਰ ਸ਼ਾਰਦਾ ਸ਼ਰਮਾ, ਕੁਲਵੰਤ ਕੌਰ, ਕਿਰਨ ਮਰਵਾਹਾ, ਮੈਡਮ ਪਰਮਿੰਦਰ ਕੌਰ, ਨੀਲਮ, ਰਾਜਬੀਰ, ਹਰਪ੍ਰੀਤ ਅਤੇ ਮੈਡਮ ਸਿਮਰਨਜੀਤ ਵੀ ਮੌਜੂਦ ਸਨ।