ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨ ਸਿਖਲਾਈ ਜਾਗਰੂਕਤਾ ਕੈਂਪਾਂ ਰਾਹੀਂ ਕੀਤਾ ਜਾ ਰਿਹਾ ਹੈ ਜਾਗਰੂਕ

ਬਟਾਲਾ, 30 ਮਈ : ਡਾ. ਕ੍ਰਿਪਾਲ ਸਿੰਘ ਢਿੱਲੋਂ, ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਨੇ ਦੱਸਿਆ ਜ਼ਿਲ੍ਹੇ ਅੰਦਰ ਬਲਾਕ ਪੱਧਰ ’ਤੇ ਪਿੰਡਾਂ ਅੰਦਰ ਕਿਸਾਨ ਸਿਖਲਾਈ ਕੈਂਪ ਲਗਾ ਕੇ ਕਿਸਾਨਾਂ ਨੂੰ  ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਿਸਾਨ ਜਾਗਰੂਕਤਾ ਸਿਖਲਾਈ ਕੈਂਪ ਰਾਹੀਂ ਖੇਤੀਬਾੜੀ ਅਧਿਕਾਰੀਆਂ ਵਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰਕੂ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਬਿਜਾਈ ਲਈ ਤਿਆਰੀ ਕਣਕ ਦੀ ਕਟਾਈ ਅਤੇ ਤੂੜੀ ਬਣਾਉਣ ਤੋਂ ਫੌਰਨ ਬਾਦ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜੇਕਰ ਕਿਸਮ ਪਿਛਲੇ ਸਾਲ ਵਾਲੀ ਹੀ ਬੀਜਣੀ ਹੈ ਤਾਂ ਪੁਰਾਣੇ ਝੋਨੇ ਦੇ ਰਲੇ ਦਾ ਡਰ ਘਟ ਜਾਂਦਾ ਹੈ ਪਰ ਜੇਕਰ ਕਿਸਮ ਨਵੀਂ ਬੀਜਣੀ ਹੈ ਤਾਂ ਪਿਛਲੇ ਸਾਲ ਦੇ ਝੋਨੇ ਦੇ ਬੀਜ (ਰਲੇ) ਅਤੇ ਨਦੀਨ ਨੂੰ ਉਗਾਉਣ ਲਈ ਇੱਕ ਜਾਂ ਦੋ ਰੌਣੀਆਂ ਦੀ ਜਰੂਰਤ ਪੈਂਦੀ ਹੈ। ਰੌਣੀ ਕਰਕੇ ਉੱਗੇ ਰਲੇ ਅਤੇ ਨਦੀਨ ਨੂੰ ਤਵੀਆਂ, ਪਲਟਾਵੀਆਂ ਹੱਲਾਂ, ਮੋਟੀਆਂ ਹੱਲਾਂ,ਰੋਟਾਵੇਟਰ ਆਦਿ ਨਾਲ ਵਾਹ ਕੇ ਨਸ਼ਟ ਕਰਕੇ ਜ਼ਮੀਨ ਨੂੰ ਬਿਜਾਈ ਕਰਨ ਦੀ ਤਰੀਕ ਤੱਕ ਖੁੱਲਾ ਛੱਡ ਦੇਣਾ ਚਾਹੀਦਾ ਹੈ । ਬਿਜਾਈ ਤੋਂ ਇੱਕ ਦੋ ਦਿਨ ਪਹਿਲਾਂ ਲੇਜ਼ਰ ਲੈਵਲਰ ਜਰੂਰ ਫੇਰਨਾ ਚਾਹੀਦਾ ਹੈ। ਝੋਨੇ ਦੀਆਂ ਪਰਮਲ ਕਿਸਮਾਂ ਦੀ ਸਿੱਧੀ ਬਿਜਾਈ ਦਾ ਸਹੀ ਸਮਾਂ 20 ਮਈ ਤੋਂ 5 ਜੂਨ ਤੱਕ ਹੈ ਅਤੇ ਬਾਸਮਤੀ  ਕਿਸਮਾਂ ਲਈ 10 ਤੋਂ 25 ਜੂਨ ਤੱਕ ਹੈ। ਝੋਨੇ ਦੀਆਂ ਥੋੜੇ ਸਮੇਂ ਚ ਪੱਕਣ ਵਾਲੀਆਂ ਪਰਮਲ ਕਿਸਮਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ। ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਦੀ ਸਫਲਤਾ ਵਿੱਚ 60% ਹਿੱਸਾ ਜ਼ਮੀਨ ਦੀ ਕਿਸਮ ਅਤੇ ਉਸਦੀ ਤਿਆਰੀ ਨਿਰਧਾਰਿਤ ਕਰਦੀ ਹੈ। ਬਾਕੀ 20 ਪ੍ਰਤੀਸ਼ਤ ਬੀਜਣ ਦੇ ਤਰੀਕੇ ਅਤੇ 20 ਪ੍ਰਤੀਸ਼ਤ ਨਦੀਨ ਪ੍ਰਬੰਧ ਦੀ ਸਫਲਤਾ ਉੱਤੇ ਨਿਰਭਰ ਹੈ। ਦਰਮਿਆਨੀ ਤੋਂ ਭਾਰੀ ਅਤੇ ਰੇਤਲੀ ਚੀਕਣੀ ਜ਼ਮੀਨ ਵਿੱਚ ਸਿੱਧੀ ਬਿਜਾਈ ਕਾਮਯਾਬ ਹੈ। ਸਿੱਧੀ ਬਿਜਾਈ ਕਰਨ ਦੇ  ਦੋ ਤਰੀਕੇ ਹਨ  ਲੱਕੀ ਸੀਡਰ ਡਰਿੱਲ ਅਤੇ ਡੀ ਐਸ ਆਰ ਡਰਿੱਲ ਪੀ ਏ ਯੂ ਦੇ ਇੰਜੀਨਿਰਿੰਗ ਵਿਭਾਗ ਦੁਆਰਾ ਵਿਕਸਿਤ ਇਹ ਮਸ਼ੀਨ ਤਰ ਵੱਤਰ ਦੇ ਢੁਕਵੇਂ ਹਾਲਾਤਾਂ ਚ ਸਿੱਧੀ ਬਿਜਾਈ ਕਰਨ ਦੀ ਸਭ ਤੋਂ ਵਧੀਆ ਤਕਨੀਕ ਹੈ ਜੋ ਇੱਕ ਹੀ ਵਾਰ ਚ ਬੀਜ ਅਤੇ ਖਾਦ ਕੇਰਦੀ ਅਤੇ ਦਵਾਈ ਸਪਰੇਅ ਕਰ ਦਿੰਦੀ ਹੈ । ਤਰ ਵੱਤਰ ਬਿਜਾਈ ਸ਼ਾਮ ਵੇਲੇ ਕਰਨੀ ਹੁੰਦੀ ਹੈ ਅਤੇ ਪਹਿਲਾ ਪਾਣੀ 21 ਦਿਨ ਬਾਦ ਲੱਗਦਾ ਹੈ, ਉਹ ਵੀ ਮੌਸਮ ਦੇਖ ਕੇ ਪਾਣੀ ਲੇਟ ਲੱਗਣ ਕਰਕੇ ਝੋਨੇ ਚ ਲੋਹੇ ਅਤੇ ਨਦੀਨਾਂ ਦੀ ਸਮੱਸਿਆ ਘੱਟ ਆਉਦੀ ਹੈ ।