ਤਿੱਬੜੀ ਛਾਉਣੀ ਵਿਖੇ ਪੂਰੀ ਸਫਲਤਾ ਨਾਲ ਮੁਕੰਮਲ ਹੋਈ ਅਗਨੀਵੀਰ ਭਰਤੀ ਰੈਲੀ

  • 31 ਅਕਤੂਬਰ ਤੋਂ 4 ਨਵੰਬਰ ਤੱਕ ਚੱਲੀ ਇਸ ਭਰਤੀ ਰੈਲੀ ਵਿੱਚ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਦੇ ਨੌਜਵਾਨਾਂ ਨੇ ਭਾਗ ਲਿਆ

ਗੁਰਦਾਸਪੁਰ, 7 ਨਵੰਬਰ : ਭਾਰਤੀ ਫ਼ੌਜ ਵੱਲੋਂ ਤਿੱਬੜੀ ਛਾਉਣੀ ਵਿਖੇ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਦੇ ਨੌਜਵਾਨਾਂ ਲਈ ਕਰਵਾਈ ਗਈ ਅਗਨੀਵੀਰ ਦੀ ਭਰਤੀ ਰੈਲੀ 31 ਅਕਤੂਬਰ ਤੋਂ 4 ਨਵੰਬਰ ਤੱਕ ਪੂਰੀ ਸਫ਼ਲਤਾ ਨਾਲ ਸਮਾਪਤ ਹੋ ਗਈ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਸ ਸਾਲ ਅਪ੍ਰੈਲ ਵਿੱਚ ਆਯੋਜਿਤ ਆਨ-ਲਾਈਨ ਕਾਮਨ ਐਂਟ੍ਰੇਂਸ ਇਮਤਿਹਾਨ ਪਾਸ ਕੀਤਾ ਸੀ ਉਨ੍ਹਾਂ ਵੱਲੋਂ ਇਸ ਭਰਤੀ ਰੈਲੀ ਵਿੱਚ ਭਾਗ ਲਿਆ ਗਿਆ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ  ਉਮੀਦਵਾਰਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਭਾਰਤੀ ਫ਼ੌਜ ਦੇ ਅੰਮ੍ਰਿਤਸਰ ਸਥਿਤ ਭਰਤੀ ਬੋਰਡ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਮੀਦਵਾਰਾਂ ਨੇ ਇਸ ਸਾਲ ਤੋਂ ਸ਼ੁਰੂ ਕੀਤੀ ਗਈ ਪਰਿਵਰਤਿਤ ਭਰਤੀ ਪ੍ਰੀਕ੍ਰਿਆ ਦੀ ਭਰਪੂਰ ਸ਼ਲਾਘਾ ਕੀਤੀ। ਰੈਲੀ ਦੌਰਾਨ ਭਾਰਤੀ ਫ਼ੌਜ ਦੇ ਉੱਚ ਅਧਿਕਾਰੀ ਜਿਨ੍ਹਾਂ ਵਿੱਚ ਚੀਫ ਆਫ਼ ਸਟਾਫ, ਪੱਛਮੀ ਕਮਾਂਡ, ਜ਼ੋਨਲ ਭਰਤੀ ਅਫ਼ਸਰ, ਜਲੰਧਰ ਜੋਨ ਅਤੇ ਡੀ.ਡੀ.ਜੀ. ਭਰਤੀ ਬੀ. ਨੇ ਭਰਤੀ ਸਥਾਨ ਦਾ ਦੌਰਾਨ ਕੀਤਾ ਅਤੇ ਉਮੀਦਵਾਰਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਇਸ ਭਰਤੀ ਰੈਲੀ ਨੂੰ ਸਫਲ ਬਣਾਉਣ ਵਿੱਚ ਭਾਰਤੀ ਫ਼ੌਜ, ਰਾਜ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਾਂਝੇ ਉਪਰਾਲੇ ਕੀਤੇ। ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਤਿੱਬੜੀ ਦੇ ‘ਰਵਿ ਬ੍ਰਿਗੇਡ’ ਦੇ ਵਿਆਪਿਕ ਯਤਨਾਂ ਨੇ ਰੈਲੀ ਦੇ ਸੰਚਾਲਨ ਵਿੱਚ ਸਾਰੀਆਂ ਜਰੂਰੀ ਸਹੂਲਤਾਂ ਮੁਹੱਈਆ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਅਤੇ ਉਮੀਦਵਾਰਾਂ ਲਈ ਸਹੂਲਤਾਂ ਨੂੰ ਯਕੀਨੀ ਬਣਾਇਆ ਗਿਆ। ਭਰਤੀ ਬੋਰਡ ਦੇ ਅਧਿਕਾਰੀਆਂ ਕਿਹਾ ਕਿ ਤਿੱਬੜੀ ਵਿੱਚ ਅਗਨੀਵੀਰ ਭਰਤੀ ਰੈਲੀ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਭਰਤੀ ਬੋਰਡ ਦੇ ਅਧਿਕਾਰੀਆਂ ਨੇ ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦਲਾਲਾਂ ਤੋਂ ਪੂਰੀ ਤਰ੍ਹਾਂ ਸਾਵਧਾਨ ਰਹਿਣ ਕਿਉਂਕਿ ਭਾਰਤੀ ਫ਼ੌਜ ਵਿੱਚ ਭਰਤੀ ਪੂਰੀ ਤਰ੍ਹਾਂ ਮੈਰਿਟ ਦੇ ਅਧਾਰ ’ਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਕੋਈ ਵੀ ਵਿਅਕਤੀ ਚੋਣ ਨਤੀਜਿਆਂ ਨੂੰ ਪ੍ਰਭਾਵਤ ਨਹੀਂ ਕਰ ਸਕਦਾ।