ਵਧੀਕ ਡਿਪਟੀ ਕਮਿਸ਼ਨਰ ਵੱਲੋਂ ਬੀ. ਐੱਸ. ਐੱਫ਼ ਕੈਂਪ ਖੇਮਕਰਨ ਦਾ ਦੌਰਾ

  • ਬੀ. ਐੱਸ. ਐੱਫ਼ ਕੈਂਪ ਦੇ ਅੰਦਰ ਤੇ ਬਾਹਰ ਭਾਰੀ ਬਾਰਸ਼ ਕਾਰਨ ਪਾਣੀ ਦੇ ਇਕੱਠਾ ਹੋ ਜਾਣ ਕਾਰਨ ਬਣੀ ਹੋਈ ਗੰਭੀਰ ਸਥਿਤੀ ਦਾ ਲਿਆ ਜਾਇਜ਼ਾ
  • ਹੜ੍ਹਾਂ ਦੀ ਮਾਰ ਹੇਠ ਆਏ ਪਿੰਡ ਭੰਗਾਲ ਦਾ ਦੌਰਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਮੱਦਦ ਦਾ ਦਿੱਤਾ ਭਰੋਸਾ

ਤਰਨ ਤਾਰਨ, 11 ਜੁਲਾਈ : ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਿੰਦਰ ਕੌਰ ਵੱਲੋਂ ਬੀ. ਐੱਸ. ਐੱਫ਼ ਕੈਂਪ ਖੇਮਕਰਨ ਦਾ ਦੌਰਾ ਕੀਤਾ ਅਤੇ ਇੱਕ ਸੰਯੂਕਤ ਮੀਟਿੰਗ ਬੀ. ਐੱਸ. ਐੱਫ਼ ਕੈਂਪ ਦੇ ਅੰਦਰ ਤੇ ਬਾਹਰ ਭਾਰੀ ਬਾਰਸ਼ ਕਾਰਨ ਪਾਣੀ ਦੇ ਇਕੱਠਾ ਹੋ ਜਾਣ ਕਾਰਨ ਬਣੀ ਹੋਈ ਗੰਭੀਰ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੀਟਿੰਗ ਵਿੱਚ ਉਹਨਾਂ ਦੇ ਨਾਲ ਕਮਾਂਡੈਂਟ ਬੀ. ਐੱਸ. ਐੱਫ਼, ਕਾਰਜ ਸਾਧਕ ਅਫ਼ਸਰ ਖੇਮਕਰਨ, ਸੈਕਟਰੀ ਮਾਰਕੀਟ ਕਮੇਟੀ ਖੇਮਕਰਨ, ਨਾਇਬ ਤਹਿਸੀਲਦਾਰ ਖੇਮਕਰਨ ਅਤੇ ਐੱਸ. ਐੱਚ. ਓ. ਖੇਮਕਰਨ ਹਾਜ਼ਰ ਸਨ। ਇਸ ਸਥਿਤੀ ‘ਤੇ ਡੂੰਘਾਈ ਨਾ ਵਿਚਾਰ ਕਰਦੇ ਹੋਏ, ਵੱਡੀ ਮਾਤਰਾ ਵਿੱਚ ਇਕੱਠੇ ਹੋਏ ਪਾਣੀ ਦੀ ਨਿਕਾਸੀ ਲਈ ਮੌਕੇ ‘ਤੇ ਹਾਜ਼ਰ ਖੇਮਕਰਨ ਹਲਕੇ ਦੇ ਪਤਵੰਤੇ ਸੱਜਣਾਂ ਦੀ ਸਹਿਮਤੀ ਲੈਂਦੇ ਹੋਏ, ਇਸ ਪਾਣੀ ਨੂੰ ਕੱਢਣ ਲਈ ਮੋਟਰ ਪੰਪ, ਪਾਇਪ, ਜੇ. ਸੀ. ਬੀ. ਆਦਿ ਦਾ ਇੰਤਜ਼ਾਮ ਕੀਤਾ ਗਿਆ ਅਤੇ ਪਾਣੀ ਨੂੰ ਕੱਢਣ ਦੀ ਸ਼ੁਰੂ ਕਰਵਾਈ ਗਈ ਤਾਂ ਜੋ ਕਿ ਬੀ. ਐੱਸ. ਐੱਫ਼ ਕੈਂਪ ਅੰਦਰੋਂ ਤੇ ਉਸ ਦੀ ਚਾਰਦਿਵਾਰੀ ਤੇ ਇਮਾਰਤ ਸੁਰੱਖਿਅਤ ਰਹਿ ਸਕੇ ਅਤੇ ਉੱਥੋਂ ਦੇ ਲੋਕਾਂ ਨੂੰ ਹੋ ਰਹੇ ਨੁਕਸਾਨ ਤੋਂ ਬਚਾਇਆ ਜਾ ਸਕੇ।। ਇਸ ਮੌਕੇ ਰੇਲਵੇ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ, ਜਿਸ ‘ਤੇ ਪਾਣੀ ਦੀ ਨਿਕਾਸੀ ਲਈ ਕਾਰਵਾਈ ਕਰਨ ਸਬੰਧੀ ਆਪਣੀ ਸਹਿਮਤੀ ਦਿੱਤੀ ਗਈ। ਇਸ ਤੋਂ ਇਲਾਵਾ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਗੁਰੂਦੁਆਰਾ ਸਾਹਿਬ ਜੋ ਕਿ ਬਾਰਡਰ ਦੇ ਦੂਸਰੇ ਪਾਸੇ ਸਥਿਤ ਹੈ ਅਤੇ ਹਰ ਐਤਵਾਰ ਨੂੰ ਗੇਟ ਖੋਲ੍ਹੇ ਜਾਂਦੇ ਹਨ ਤੇ ਸੰਗਤ ਭਾਰੀ ਗਿਣਤੀ ਵਿੱਚ ਦਰਸ਼ਨ ਕਰਦੀ ਹੈ। ਉਹਨਾਂ ਦੱਸਿਆ ਕਿ 14 ਜੁਲਾਈ ਨੂੰ ਵੱਡਾ ਮੇਲਾ ਲੱਗਣ ਜਾ ਰਿਹਾ ਹੈ, ਪਰ ਗੁਰੂਦੁਆਰਾ ਸਾਹਿਬ ਨੂੰ ਜਾਂਦੀ ਸੜਕ ਵਿੱਚ ਭਾਰੀ ਮੀਂਹ ਪੈਣ ਨਾਲ ਪਾੜ ਪੈ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਵੱਡੀ ਦਿੱਕਤ ਆ ਰਹੀ ਹੈ। ਇਸ ਬਾਰੇ ਮੌਕਾ ਦੇਖਿਆ ਗਿਆ ਅਤੇ ਕਮਾਂਡੈਂਟ ਬੀ. ਐੱਸ. ਐੱਫ਼ ਵੱਲੋਂ ਦੱਸਿਆ ਗਿਆ ਕਿ ਜੀ. ਆਰ. ਜੀ. ਐੱਫ਼ ਵੱਲੋਂ ਇਹ ਸੜਕ ਹੁਣ ਤਿਆਰ ਕੀਤੀ ਜਾ ਰਹੀ ਹੈ, ਜੋ ਕਿ 14 ਜੁਲਾਈ ਤੱਕ ਆਵਾਜਾਈ ਯੋਗ ਬਣ ਜਾਵੇਗੀ। ਇਸ ਮੌਕੇ ਲਏ ਗਏ ਫੈਸਲਿਆ ਨੂੰ ਤੁਰੰਤ ਅਮਲ ਵਿੱਚ ਲਿਆਂਦਾ ਗਿਆ ਅਤੇ ਪਾਣੀ ਦੀ ਨਿਕਾਸੀ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ, ਜਿਸ ‘ਤੇ ਕਮਾਂਡੈਂਟ ਬੀ. ਐੱਸ. ਐੱਫ਼ ਤੇ ਲੋਕਾਂ ਵੱਲੋਂ ਸੰਤੁਸ਼ਟੀ ਪ੍ਰਗਟਾਈ ਗਈ। ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਿੰਦਰ ਕੌਰ ਵੱਲੋਂ ਹੜ੍ਹਾਂ ਦੀ ਮਾਰ ਹੇਠ ਆਏ ਪਿੰਡ ਭੰਗਾਲ ਦਾ ਦੌਰਾ ਕੀਤਾ ਗਿਆ ।ਪਿੰਡ ਦੇ ਨਾਲ ਲਗਦੀ ਡਰੇਨ ਜਿਸ ਵਿੱਚ ਭਾਰੀ ਬਾਰਸ਼ ਦੇ ਪਾਣੀ ਕਾਰਨ ਲੱਕੜ ਦੇ ਪੁਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੌਕੇ ‘ਤੇ ਦੇਖਿਆ ਕਿ ਪਿੰਡ ਦੇ ਵਸਨੀਕ ਹਰ ਤਰ੍ਹਾਂ ਦਾ ਉਪਰਾਲਾ ਕਰਦੇ ਹੋਏ, ਪਾਣੀ ਦੇ ਤੇਜ਼ ਵਹਾਅ ਨੂੰ ਰੋਕਣ ਲਈ ਲੋੜੀਂਦੇ ਯਤਨ ਕਰ ਰਹੇ ਹਨ।ਇਸ ਸਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਦੇ ਵਸਨੀਕਾਂ ਨੂੰ ਵਿਸ਼ਵਾਸ਼ ਦੁਆਇਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀ ਜਾਨ ਤੇ ਮਾਲ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਮੌਕੇ ਉਹਨਾਂ ਐਕਸੀਅਨ ਡਰੇਨੇਜ਼ ਨੂੰ ਹਦਾਇਤ ਕੀਤੀ ਗਈ ਕਿ ਇਹ ਇੱਕ ਤਕਨੀਕੀ ਮਾਮਲਾ ਹੈ ਅਤੇ ਡਰੇਨ ਉਹਨਾਂ ਦੇ ਵਿਭਾਗ ਅਧੀਨ ਹੈ। ਉਨਾਂ ਕਿਹਾ ਕਿ ਤਕਨੀਕੀ ਮਾਹਿਰਾਂ ਦੀ ਟੀਮ ਭੇਜ ਦੇ ਪਿੰਡ ਦੇ ਲੋਕਾਂ ਦੀ ਮੱਦਦ ਯਕੀਨੀ ਬਣਾਈ ਜਾਵੇ। ਇਹਨਾਂ ਹੁਕਮਾਂ ਦੇ ਜਾਰੀ ਹੋਣ ਬਾਅਦ ਐਕਸੀਅਨ ਡਰੇਨੇਜ਼ ਵੱਲੋਂ ਤੁਰੰਤ ਐੱਸ. ਡੀ. ਓ./ ਜੇ. ਈ. ਪਿੰਡ ਵਿੱਚ ਭੇਜ ਦਿੱਤੇ ਗਏ।