ਫਸਲੀ ਵਿੰਭਿਨਤਾ ‘ਤੇ ਜ਼ੋਰ ਦਿੰਦੇ ਹੋਏ ਜ਼ਿਲ੍ਹਾ ਤਰਨ ਤਾਰਨ ਵਿੱਚ ਬਾਸਮਤੀ ਅਧੀਨ ਲਿਆਂਦਾ ਗਿਆ 52000 ਹੈਕਟੇਅਰ ਰਕਬਾ : ਡਿਪਟੀ ਕਮਿਸ਼ਨਰ

  • ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਪਿਛਲੇ 5 ਸਾਲਾਂ ਦੌਰਾਨ ਕਿਸਾਨਾਂ ਨੂੰ ਸਬਸਿਡੀ ‘ਤੇ ਦਿੱਤੀਆਂ ਗਈਆਂ 6713 ਖੇਤੀ ਮਸ਼ੀਨਾਂ

ਤਰਨ ਤਾਰਨ, 09 ਅਗਸਤ : ਸਾਲ 2023-24 ਵਿੱਚ ਫਸਲੀ ਵਿੰਭਿਨਤਾ ‘ਤੇ ਜ਼ੋਰ ਦਿੰਦੇ ਹੋਏ ਜ਼ਿਲ੍ਹਾ ਤਰਨ ਤਾਰਨ ਵਿੱਚ ਝੋਨੇ ਹੇਠੋਂ ਰਕਬਾ ਕੱਢ ਕੇ ਬਾਸਮਤੀ ਅਤੇ ਹੋਰ ਫਸਲਾਂ ਅਧੀਨ ਲਿਆਂਦਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੋਰ ਨੇ ਦੱਸਿਆ ਕਿ ਪਿਛਲੇ ਸਾਲ ਬਾਸਮਤੀ ਅਧੀਨ ਰਕਬਾ 35909 ਹੈਕਟੇਅਰ ਸੀ, ਇਸ ਸਾਲ 52000 ਹੈਕਟੇਅਰ ਰਕਬਾ ਬਾਸਮਤੀ ਅਧੀਨ ਲਿਆਂਦਾ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲਾ ਤਰਨਤਾਰਨ ਦਾ ਕੁੱਲ ਭੂਗੋਲਿਕ ਰਕਬਾ 241000 ਹੈਕਟੇਅਰ ਹੈ ਅਤੇ ਇਸ ਰਕਬੇ ਵਿੱਚੋਂ ਵਾਹੀਯੋਗ ਰਕਬਾ 215000 ਹੈਕਟੇਅਰ ਹੈ ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਣੀ ਅਤੇ ਲੇਬਰ ਦੀ ਬੱਚਤ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਤਰਨਤਾਰਨ ਵਿੱਚ 319 ਕਿਸਾਨਾਂ ਵੱਲੋਂ 1864 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਉਹਨਾਂ ਕਿਹਾ ਕਿ ਪਹਿਲੀ ਅਤੇ ਦੂਜੀ ਵੈਰੀਫਿਕੇਸ਼ਨ ਉਪਰੰਤ ਇਹ ਕਿਸਾਨ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ 1500 ਰੁਪਏ ਪ੍ਰਤੀ ਏਕੜ ਮਾਣਭੱਤਾ ਲੈਣ ਦੇ ਯੋਗ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਪਿਛਲੇ 5 ਸਾਲਾਂ ਦੌਰਾਨ ਕਿਸਾਨਾਂ ਨੂੰ 6713 ਖੇਤੀ ਮਸ਼ੀਨਾਂ ਸਬਸਿਡੀ ‘ਤੇ ਦਿੱਤੀਆਂ ਗਈਆਂ ਹਨ, ਜਿਸਦੇ ਬਾਬਤ 55,99,53,427 ਰੁਪਏ ਦੀ ਸਬਸਿਡੀ ਰਿਲੀਜ਼ ਕੀਤੀ ਗਈ ਹੈ ।ਇਸ ਸਾਲ ਕਿਸਾਨਾਂ ਵਲੋਂ ਨਿੱਜੀ ਤੌਰ ਤੇ, ਗਰੁੱਪਾਂ, ਪੰਚਾਇਤਾਂ, ਕੋਆਪਰੇਟਿਵ ਸੁਸਾਇਟੀਆਂ ਅਤੇ ਐਫ. ਪੀ. ੳ ਦੀਆਂ ਅਰਜ਼ੀਆਂ ਆਨਲਾਈਨ ਪੋਰਟਲ ਤੇ ਪ੍ਰਾਪਤ ਹੋ ਰਹੀਆਂ ਹਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਟੀਚਿਆਂ ਅਨੁਸਾਰ ਪਰਾਲੀ ਪ੍ਰਬੰਧਨ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੀਆ ਜਾਣਗੀਆਂ। ਖੇਤੀ ਪ੍ਰਸਾਰ ਸੇਵਾਵਾਂ ਅਧੀਨ ਆਤਮਾ ਸਕੀਮ ਤਹਿਤ ਪੰਜਾਬ ਸਰਕਾਰ ਕਿਸਾਨ ਮਿਲਣੀ ਪੀ. ਏ. ਯੂ ਲੁਧਿਆਣਾ ਵਿਖੇ 5 ਬੱਸਾਂ ਰਾਂਹੀ 200 ਕਿਸਾਨਾਂ ਦੀ ਸ਼ਮੂਲੀਅਤ, ਬਾਸਮਤੀ ਪ੍ਰਮੋਸ਼ਨ ਲਈ 160 ਕੈਂਪ, 8 ਬਲਾਕ ਪੱਧਰੀ ਕੈਂਪ ਅਤੇ 80 ਝੋਨੇ ਦੀ ਸਿੱਧੀ ਬਿਜਾਈ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਬਾਸਮਤੀ ਦੀ ਫਸਲ ਤੇ 10 ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਨਾ ਕਰਨ ਸਬੰਧੀ 120 ਜਾਗਰੂਕਤਾ ਕੈਂਪ ਹੋਰ ਲਗਾਏ ਜਾ ਰਹੇ ਹਨ।