ਮਿਆਰੀ ਬਾਸਮਤੀ ਪੈਦਾ ਕਰਨ ਲਈ ਪਾਬੰਦੀਸ਼ੁਦਾ 10 ਕੀਟਨਾਸ਼ਕਾਂ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ : ਜ਼ਿਲ੍ਹਾ ਸਿਖ਼ਲਾਈ ਅਫ਼ਸਰ

  • ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਿਆਰੀ ਬਾਸਮਤੀ ਪੈਦਾਵਾਰ ਕਰਨ ਲਈ ਚਲਾਈ ਮੁਹਿੰਮ ਤਹਿਤ ਪਿੰਡ ਨੰਗਲ ਬ੍ਰਾਹਮਣਾਂ ਵਿੱਚ ਕਿਸਾਨ ਜਾਗਰੁਕਤਾ ਕੈਂਪ ਦਾ ਆਯੋਜਨ

ਗੁਰਦਾਸਪੁਰ, 14 ਅਗਸਤ : ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਝੋਨੇ/ਬਾਸਮਤੀ ਵਿੱਚ ਗੈਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੇ ਪੈਦਾਵਾਰ ’ਤੇ ਪੈਂਦੇ ਬੁਰੇ ਪ੍ਰਭਾਵਾਂ ਅਤੇ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਜਾਗਰੁਕਤਾ ਪੈਦਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਬਲਾਕ ਗੁਰਦਾਸਪੁਰ ਦੇ ਪਿੰਡ ਨੰਗਲ ਬ੍ਰਾਹਮਣਾਂ ਵਿੱਚ ਪਿੰਡ ਪੱਧਰੀ ਕਿਸਾਨ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਦੀ ਪ੍ਰਧਾਨਗੀ ਹੇਠ ਲਗਾਏ ਜਾਗਰੂਕਤਾ ਕੈਂਪ ਵਿੱਚ ਡਾ. ਰਵਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਜਗਮੀਤ ਸਿੰਘ ਬਲਾਕ ਤਕਨਾਲੋਜੀ ਪ੍ਰਬੰਧਕ (ਆਤਮਾ), ਡਾ. ਰਜਵੰਤ ਕੌਰ  ਫੀਲਡ ਸਹਾਇਕ, ਪਰਮਜੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਸਮੇਤ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਕੈਂਪ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਖੇਤੀ ਜਿਨਸਾਂ ਦਾ ਲਾਹੇਵੰਦ ਮੁੱਲ਼ ਯਕੀਨੀ ਬਨਾਉਣ ਲਈ ਪਿੰਡ ਪੱਧਰ ਤੇ ਐਗਰੋਪ੍ਰੋਸੈਸਿੰਗ ਯੂਨਿਟ ਜਿਵੇਂ ਸਬਜੀਆਂ, ਫਲਾਂ ਦੇ ਮੁੱਲ ਵਿੱਚ ਵਾਧਾ ਕਰਨ ਲਈ ਅਚਾਰ, ਜੂਸ ਬਨਾਉਣ ਵਾਲੀ ਮਸ਼ੀਨਾਂ, ਕੋਹਲੂ, ਸੈਲਰ, ਮੂਲ ਅਨਾਜ ਪ੍ਰੋਸੈਸਿੰਗ ਯੂਨਿਟ, ਹਲਦੀ ਪ੍ਰੋਸੈਸਿੰਗ ਯੂਨਿਟ, ਮਸਾਲੇ ਪੀਣ ਵਾਲੀਆਂ ਮਸ਼ੀਨਾਂ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ 40 ਤੋਂ 50 ਫੀਸਦੀ ਸਬਸਿਡੀ ਮੁੱਹਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਇਨਾਂ ਮਸ਼ੀਨਾਂ ਤੇ ਸਬਸਿਡੀ ਲੈਣ ਲਈ ਆਨਲਾਈਨ 15 ਅਗਸਤ 2023 ਤੱਕ ਬਿਨੈਪੱਤਰ ਦਿੱਤੇ ਜਾ ਸਕਦੇ ਹਨ। ਉਨਾਂ ਦੱਸਿਆ ਕਿ ਨੌਜਵਾਨ ਕਿਸਾਨ ਇਹ ਯੂਨਿਟ ਲਗਾ ਕੇ ਪੈਦਾ ਕੀਤੇ ਖੇਤੀ ਉਤਪਾਦ ਨੂੰ ਖੁਦ ਮੰਡੀਕਰਨ ਕਰਕੇ ਵਧੇਰੇ ਕਮਾਈ ਕਰ ਸਕਦੇ ਹਨ। ਡਾ. ਅਮਰੀਕ ਸਿਮਘ ਨੇ ਅੱਗੇ ਕਿਹਾ ਕਿ ਕਿਸਾਨਾਂ ਦੁਆਰਾ ਬਾਸਮਤੀ ਦੀ ਫਸਲ ਉੱਪਰ ਗੈਰਸਿਫਾਰਸ਼ ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਬਾਸਮਤੀ ਚਾਵਲਾਂ ਨੂੰ ਬਰਾਮਦ ਕਰਨ ਸਮੇਂ ਕਈ ਕੀਟਨਾਸ਼ਕਾਂ ਦੇ ਅੰਸ਼ ਨਿਰਧਾਰਤ ਮਾਪਦੰਡਾਂ ਤੋਂ ਵਧੇਰੇ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ 10 ਕੀਟਨਾਸ਼ਕਾਂ ਜਿਵੇਂ ਐਸੀਫੇਟ, ਬੂਪਰੋਜ਼ਿਨ, ਕਲੋਰੋਪਾਈਰੀਫਾਸ, ਮੀਥਾਮੀਡੋਫਾਸ, ਪਰੌਪੀਕੋਨਾਜ਼ੋਲ, ਥਾਇਆਮੀਥੋਕਸਮ, ਹੈਕਸਕੋਨਾਜ਼ੋਲ, ਇਮਿਡਾਕਲੋਪਰਿਡ, ਕਾਰਬੈਂਡਾਜ਼ਿਮ ਅਤੇ ਟਰਾਈ ਸਾਈਕਲਾਜ਼ੋਲ ਦੀ ਬਾਸਮਤੀ ਦੀ ਫਸਲ ਉੱਪਰ ਅਗਲੇ ਦੋ ਮਹੀਨਿਆਂ ਲਈ ਵਰਤੋਂ, ਵੇਚਣ ਅਤੇ ਭੰਡਾਰਣ ਕਰਨ ਦੀ ਮਨਾਹੀ ਕੀਤੀ ਗਈ ਹੈ। ਇਸ ਲਈ ਇਨਾਂ ਕੀਟਨਾਸ਼ਕਾਂ ਦੀ ਵਰਤੋਂ ਬਾਸਮਤੀ ਦੀ ਫਸਲ ਉੱਪਰ ਨਾ ਕੀਤੀ ਜਾਵੇ। ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਝੋਨੇ/ਬਾਸਮਤੀ ਉੱਪਰ ਕਿਸੇ ਕਿਸਮ ਦੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਹੀਂ ਹੈ। ਉਨਾਂ ਕਿਹਾ ਕਿ ਝੋਨੇ/ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਕੀਤੀ ਜਾਵੇ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਸ਼ੁੱਧ ਆਮਦਨ ਨੂੰ ਵਧਾਇਆ ਜਾ ਸਕੇ। ਉਨਾਂ ਕਿਹਾ ਕਿ ਪੂਸਾ 1847, 1692, 1121 ਅਤੇ 1509 ਕਿਸਮਾਂ ’ਤੇ ਕੁਝ ਥਾਵਾਂ ’ਤੇ ਪੈਰਾਂ ਦੇ ਗਲਣ ਦੇ ਰੋਗ ਦਾ ਹਮਲਾ ਹੋਇਆ ਹੈ, ਜਿਸ ਦੀ ਰੋਕਥਾਮ ਲਈ ਕਿਸੇ ਦੇ ਕਹਿਣ ’ਤੇ ਕੋਈ ਉੱਲੀਨਾਸ਼ਕ ਜਾਂ ਕਿਸੇ ਹੋਰ ਖੇਤੀ ਸਮੱਗਰੀ ਦੀ ਵਰਤੋਂ ਨਾ ਕੀਤੀ ਜਾਵੇ, ਸਗੋਂ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਰੋਕਥਾਮ ਕੀਤੀ ਜਾਵੇ। ਡਾ. ਰਾਜਵੰਤ ਕੌਰ ਨੇੇ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਸਰਵਪੱਖੀ ਢੰਗਾਂ ਨੂੰ ਅਪਣਾ ਕੇ ਹੀ ਨਦੀਨਾਂ ਦੀ ਘਣਤਾ ਨੂੰ ਇਸ ਪੱਧਰ ਤੱਕ ਘੱਟ ਕੀਤਾ ਜਾ ਸਕਦਾ ਹੈ ਕਿ ਉਨਾਂ ਦੀ ਰੋਕਥਾਮ ਸੌਖੀ ਹੋ ਸਕੇ, ਅਗਲੀਆਂ ਫਸਲਾਂ ਵਿੱਚ ਨਦੀਨਾਂ ਦੀ ਸਮੱਸਿਆ ਨੂੰ ਘਟਾਇਆ ਜਾ ਸਕੇ। ਡਾ.ਜਗਮੀਤ  ਸਿੰਘ ਨੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਤਰੀਆਂ ਨੂੰ ਈ ਕੇ ਵਾਈ ਸੀ ਕਰਵਾਉਣ ਬਾਰੇ ਜਾਣਕਾਰੀ ਦਿੱਤੀ।