ਸੱਚੇ ਦਿਲੋਂ ਕੀਤੀ ਮੇਹਨਤ ਇੱਕ ਦਿਨ ਜਰੂਰ ਰੰਗ ਲਿਆਉਂਦੀ ਹੈ : ਸੋਨੀ ਠੁੱਲੇਵਾਲ

  • ਜਿਲ੍ਹਾ ਬਰਨਾਲਾ ਦੇ ਪਿੰਡ ਠੁੱਲੇਵਾਲ ਤੋਂ ਉੱਠ ਕੇ ਪਾਲੀਵੁੱਡ ਤੇ ਬਾਲੀਵੁੱਡ ਤੱਕ ਮਾਰੀਆਂ ਮੱਲ੍ਹਾ 

ਪੰਜਾਬੀ ਸੰਗੀਤ ਨੇ ਪੂਰੀ ਦੁਨੀਆਂ ਵਿੱਚ ਧੁੰਮ ਪਾਈ ਹੋਈ ਹੈ, ਪੰਜਾਬੀ ਸੰਗੀਤ ਦਾ ਅੱਜ ਦੇ ਸਮੇਂ ਵਿੱਚ ਹਰ ਕੋਈ ਦੀਵਾਨਾ ਹੈ, ਬਾਲੀਵੁੱਡ -ਟੋਲੀਵੁੱਡ ਫਿਲਮਾਂ ਵਿੱਚ ਵੀ ਪੰਜਾਬੀ ਸੰਗੀਤ ਨੂੰ ਪ੍ਰਮੁੱਖ ਰੂਪ ਵਿੱਚ ਦਿਖਾਇਆ –ਫਿਲਮਾਇਆ ਜਾਂਦਾ ਹੈ। ਜਿੱਥੇ ਪੰਜਾਬੀ ਗੀਤਾਂ ਰਾਹੀਂ ਪੰਜਾਬ ਦੇ ਅਨੇਕਾਂ ਗਾਇਕਾਂ, ਗੀਤਕਾਰਾਂ ਨੇ ਦੁਨੀਆਂ ਪੱਧਰ ਤੇ ਆਪਣੀ ਧਾਕ ਜਮਾਈ ਹੈ, ਉੱਥੇ ਉੱਘੇ ਗੀਤਕਾਰ, ਵੀਡੀਓ ਡਾਇਰੈਕਟਰ ਅਤੇ ਅਦਾਕਾਰ ਸੋਨੀ ਠੁੱਲੇਵਾਲ ਨੇ ਪੰਜਾਬ ਦੇ ਜਿਲ੍ਹਾ ਬਰਨਾਲਾ ਦੇ ਇੱਕ ਨਿੱਕੇ ਜਿਹੇ ਪਿੰਡ ਠੁੱਲੇਵਾਲ ਤੋਂ ਉੱਠ ਕੇ ਪਾਲੀਵੁੱਡ ਤੇ ਬਾਲੀਵੁੱਡ ਤੱਕ ਮੱਲ੍ਹਾ ਮਾਰੀਆਂ ਹਨ। ਹੁਣ ਤੱਕ ਸੋਨੀ ਠੁੱਲੇਵਾਲ ਦੇ ਬਤੌਰ ਗੀਤਕਾਰ 100 ਤੋਂ ਵਧੇਰੇ ਗੀਤ ਵੱਖ ਵੱਖ ਗਾਇਕਾਂ ਦੀ ਆਵਾਜ਼ ਵਿੱਚ ਆ ਚੁੱਕੇ ਹਨ। 
            
ਸੰਘਰਸ਼ ਭਰਿਆ ਰਿਹਾ ਸੋਨੀ ਠੁੱਲੇਵਾਲ ਦਾ ਜੀਵਨ
ਗੀਤਕਾਰ-ਵੀਡੀਓ ਡਾਇਰੈਕਟਰ ਸੋਨੀ ਠੁੱਲੇਵਾਲ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਅਤੇ ਪਿਤਾ ਗੁਰਦੇਵ ਸਿੰਘ ਦੇ ਘਰ ਪੈਦਾ ਹੋਏ ਸੰਦੀਪ ਸਿੰਘ ਉਰਫ ਸੋਨੀ ਠੁੱਲੇਵਾਲ ਦਾ ਜੀਵਨ ਸ਼ੁਰੂ ਤੋਂ ਹੀ ਸੰਘਰਸ਼ ਭਰਿਆ ਰਿਹਾ ਹੈ, ਕਿਉਂ ਕਿ ਜਦੋਂ ਸੋਨੀ ਤਿੰਨ ਕੁ ਵਰਿਆ ਦਾ ਸੀ ਤਾਂ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ। ਜਿਸ ਕਾਰਨ ਸੋਨੀ ਨੂੰ ਘਰ ਅਤੇ ਆਪਣੀ ਪੜ੍ਹਾਈ ਦੇ ਖਰਚ ਲਈ ਪੜ੍ਹਦੇ ਸਮੇਂ ਤੋਂ ਹੀ ਬਤੌਰ ਫੋਟੋਗ੍ਰਾਫਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਸੋਨੀ ਦੀ ਕਲਾਤਮਿਕ ਫੋਟੋਗ੍ਰਾਫੀ ਅਤੇ ਕੁੱਝ ਨਵਾਂ ਕਰਨ ਦੀ ਸੋਚ ਸਦਕਾ ਉਹ ਉੱਘੇ ਗੀਤਕਾਰ ਅਤੇ ਅਦਾਕਾਰ ਰਾਜ ਕਾਕੜਾ ਦੀ ਟੀਮ ਦਾ ਹਿੱਸਾ ਬਣਿਆ, ਜਿਸ ਨੇ ਪਹਿਲੀ ਵਾਰ ਬਤੌਰ ਫੋਟੋਗ੍ਰਾਫਰ ਫ਼ਿਲਮ ’ਕੌਮ ਦੇ ਹੀਰੇ’’ਚ ਕੰਮ ਕੀਤਾ। ਜਿਸ ਤੋਂ ਬਾਅਦ ਸੋਨੀ ਠੁੱਲੇਵਾਲ ਨੇ ਮੁੜ ਪਿਛਾਂਹ ਨਹੀਂ ਦੇਖਿਆ ਅਤੇ ਉਹ ਰਾਜ ਕਾਕੜਾ ਦੀ ਫ਼ਿਲਮ ’ਪੱਤਾ ਪੱਤਾ ਸਿੰਘਾ ਦਾ ਵੈਰੀ, ਹਰਭਜਨ ਮਾਨ ਦੀ ਫ਼ਿਲਮ ’ਗਦਾਰ’, ਅਮਿਤੋਜ ਮਾਨ ਦੀ ਫ਼ਿਲਮ ’ਮੋਟਰ ਮਿੱਤਰਾਂ ਦੀ’, ਹਰੀਸ਼ ਵਰਮਾਂ ਦੀ ਫ਼ਿਲਮ ਵਾਪਸੀ ਅਤੇ ਗਿੱਪੀ ਗਰੇਵਾਲ ਦੀ ਫ਼ਿਲਮ ’ਸੂਬੇਦਾਰ ਜੋਗਿੰਦਰ ਸਿੰਘ’ਆਦਿ ’ਚ ਬਤੌਰ ਫੋਟੋਗ੍ਰਾਫਰ ਤੇ ਪੋਸਟਰ ਡਿਜ਼ਾਈਨਿੰਗ ਦਾ ਕੰਮ ਕਰ ਚੁੱਕੇ ਹਨ। ਸੰਨ 2016 ਵਿੱਚ ਸੋਨੀ ਸਿੰਘ ਠੁੱਲੇਵਾਲ ਦਾ ਵਿਆਹ ਰੁਪਿੰਦਰ ਕੌਰ ਨਾਲ ਹੋ ਗਿਆ ਸੀ, ਸੋਨੀ ਠੁੱਲੇਵਾਲ ਦੋ ਧੀਆਂ ਦਾ ਪਿਤਾ ਹੈ, ਚੰਡੀਗੜ੍ਹ ਵਿਖੇ ਰਹਿ ਕੇ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਬਤੀਤ ਕਰ ਰਹੇ ਹਨ। ਸੋਨੀ ਦਾ ਕਹਿਣਾ ਹੈ ਕਿ ਸੱਚੇ ਦਿਲੋਂ ਅਤੇ ਕੰਮ ਨੂੰ ਸਮਰਪਿਤ ਹੋ ਕੇ ਕੀਤੀ ਮਿਹਨਤ ਰੰਗ ਜਰੂਰ ਲਿਆਉਂਦੀ ਹੈ।

ਅਨੇਕਾਂ ਗੀਤਾਂ ਦਾ ਕੀਤਾ ਫਿਲਮਾਂਕਣ
ਰਾਜ ਕਾਕੜਾ ਨਾਲ ਰਹਿੰਦਿਆਂ ਸੋਨੀ ਠੁੱਲੇਵਾਲ ਨੇ ਨਿਰਦੇਸ਼ਨ ’ਚ ਵੀ ਗਿਆਨ ਹਾਸਲ ਕੀਤਾ ਅਤੇ ਆਪਣੇ ਪਰਮ ਮਿੱਤਰਾਂ ਨਵੀਨ ਜੇਠੀ ਨਾਲ ਮਿਲ ਕੇ ’ਕ੍ਰਿਏਟਿਵ ਕਰਿਊ’ ਨਾਂ ਦੀ ਕੰਪਨੀ ਬਣਾਈ। ਸੋਨੀ ਠੁੱਲੇਵਾਲ ਬਤੌਰ ਨਿਰਦੇਸ਼ਕ ਰਾਜ ਕਾਕੜਾ ਦੇ ਗੀਤ ’ਮੇਰਾ ਪੰਜਾਬ’, ’ਮਾਂ ਬੋਲੀ ਪੰਜਾਬੀ’, ਗਾਇਕ ਕੰਵਰ ਗਰੇਵਾਲ ਦਾ ਗੀਤ ਜ਼ਮੀਰ, ’ਸੁਲਫ਼ਾ ਤੇ ਸੈਲਫ਼ੀ’, ’ਅੰਬਰਸਰ ਤੇ ਲਾਹੌਰ’, ’ਅਣਖੀ ਯੋਧੇ’, ’ਮਾਤਾ ਗੁਜ਼ਰੀ ਦੇ ਪੋਤੇ’, ਆਦਿ ਗੀਤਾਂ ਦੇ ਫਿਲਮਾਂਕਣ ਕਰ ਚੁੱਕਾ ਹੈ। 

ਸੋਨੀ ਦੇ ਲਿਖੇ ਗੀਤਾਂ ਨੂੰ ਕਈ ਗਾਇਕਾਂ ਨੇ ਦਿੱਤੀ ਅਵਾਜ਼
ਸੋਨੀ ਸਿੰਘ ਠੁੱਲੇਵਾਲ ਦੇ ਲਿਖੇ ਗੀਤਾਂ ਨੂੰ ਗਾਇਕ ਰੌਸ਼ਨ ਪ੍ਰਿੰਸ, ਗਾਇਕ ਮਹਿਤਾਬ ਵਿਰਕ, ਗਾਇਕ ਸੋਨੂੰ ਨਿਗਮ, ਗਾਇਕ ਜਸਪਿੰਦਰ ਨਰੂਲਾ, ਗਾਇਕ ਜੁਵੀਨ ਨੌਟਿਆਲ, ਗਾਇਕ ਯੁਵਰਾਜ ਹੰਸ, ਗਾਇਕ ਜਾਵੇਦ ਅਲੀ, ਗਾਇਕ ਪਲਕ ਮੁਛਾਲ, ਗਾਇਕ ਜੈਨੀ ਜੌਹਲ, ਗਾਇਕ ਸੱਜਣ ਅਦੀਬ, ਗਾਇਕ ਅਗਰੇਜ ਅਲੀ, ਗਾਇਕ ਕੰਵਰ ਗਰੇਵਾਲ, ਗਾਇਕ ਹਿੰਮਤ ਸੰਧੂ, ਗਾਇਕ ਜੀ ਖਾਨ, ਗਾਇਕ ਸਿਕੰਦਰ ਸਲੀਮ, ਗਾਇਕ ਸਿਪਰਾ ਗੋਇਲ, ਗਾਇਕ ਉਜਾਗਰ ਅੰਟਾਲ, ਗਾਇਕਾ ਅਵਿਰਾ ਨੇ ਆਪਣੀ ਅਵਾਜ਼ ਦਿੱਤੀ ਹੈ।

ਪੰਜਾਬੀ ਫਿਲਮਾਂ ਲਈ ਲਿਖੇ ਗੀਤ
ਪੰਜਾਬੀ ਫਿਲਮਾਂ ਰੰਗ ਰੱਤਾ, ਇੱਕ ਸੰਧੂ ਹੁੰਦਾ ਸੀ, ਜਿੰਦੜੀ, ਗਿੱਦੜਸਿੰਗੀ, ਧੁੰਦਲੀ ਸਵੇਰ, ਪੌਣੇ ਨੌਂ, ਯਮਲਾ, 'ਚ ਵੀ ਗੀਤ ਆ ਚੁੱਕੇ ਹਨ। ਕਈ ਫਿਲਮਾਂ ਵਿੱਚ ਸੋਨੀ ਠੁੱਲੇਵਾਲ ਬਤੌਰ ਕਲਾਕਾਰ ਕੰਮ ਵੀ ਕਰ ਚੁੱਕੇ ਹਨ। ਸੋਨੀ ਸਿੰਘ ਠੁੱਲੇਵਾਲ 60 ਦੇ ਕਰੀਬ ਬਤੌਰ ਵੀਡੀਓ ਡਾਇਰੈਕਟਰ ਵਜੋਂ ਗੀਤਾਂ ਦਾ ਫਿਲਮਾਂਕਣ ਕਰ ਚੁੱਕੇ ਹਨ।

ਰਘਵੀਰ ਸਿੰਘ ਚੋਪੜਾ 90657-00091